ਗੁਰਦੇਵ ਸਿੰਘ ਗਹੂੰਣ
ਬਲਾਚੌਰ, 9 ਜਨਵਰੀ
‘ਪਿੰਡ ਬਚਾਓ ਪੰਜਾਬ ਬਚਾਓ’ ਮੋਰਚੇ ਵੱਲੋਂ ਪਹਿਲੀ ਨਵੰਬਰ ਤੋਂ ਪੰਜਾਬ ਅੰਦਰ ਕਾਫਲੇ ਦੇ ਰੂਪ ਵਿੱਚ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ, ਜਿਸ ਵਿੱਚ ਕਾਫਲੇ ਦਾ ਮੁੱਖ ਮਕਸਦ ਪੰਜਾਬ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ ਇਸ ਦੇ ਭਵਿੱਖ ਦੇ ਏਜੰਡੇ ਬਾਬਤ ਸਮੁੱਚੇ ਪੰਜਾਬੀਆਂ ਨਾਲ ਸੰਵਾਦ ਰਚਾਉਣਾ ਹੈ।
ਇੱਥੇ ਪੁੱਜਣ ’ਤੇ ਕਾਫਲੇ ਦੇ ਸੂਬਾਈ ਆਗੂਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਡਾ. ਮੇਘਾ ਸਿੰਘ, ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਕਿਰਨਜੀਤ ਕੌਰ ਝੁਨੀਰ, ਨਵਦੀਪ ਕੌਰ, ਜਸ਼ਨਦੀਪ ਕੌਰ ਅਤੇ ਰਵੀ ਪ੍ਰਕਾਸ਼ ਨੇ ਬੱਛੂਆਂ ਟੌਲ ਪਲਾਜ਼ੇ ’ਤੇ ਇਕੱਤਰ ਕਿਸਾਨਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਫਲਾ ਹਰ ਜ਼ਿਲ੍ਹੇ ਅੰਦਰ ਚਾਰ ਦਿਨ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਅੰਦਰ ਜਨਤਕ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਕਰਦਿਆਂ 31 ਜਨਵਰੀ ਤੱਕ ਸਰਗਰਮੀ ਕਰੇਗਾ।
ਆਗੂਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ, ਸੰਸਦ ਮੈਂਬਰਾਂ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਦਿਆਂ ਖੇਤੀਬਾੜੀ ਨਾਲ ਸਬੰਧਿਤ ਨਾਦਰਸ਼ਾਹੀ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਅੜੀਅਲ ਰਵੱਈਆ ਅਪਣਾ ਰਹੀ ਹੈ, ਜਿਸ ਦੇ ਸੰਦਰਭ ਵਿੱਚ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫਲਾ ਮੰਗ ਕਰਦਾ ਹੈ ਕਿ ਪੰਜਾਬ ਅਤੇ ਦੇਸ਼ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਸਮੂਹ ਸੰਸਦ ਮੈਂਬਰ ਆਪੋ-ਆਪਣੇ ਅਸਤੀਫੇ ਦੇਣ। ਇਸ ਮੌਕੇ ਪ੍ਰਬੰਧਕਾਂ ਵਿੱਚ ਗੁਰਚਰਨ ਸਿੰਘ ਬਸਿਆਲਾ, ਹਰਭਜਨ ਸਿੰਘ ਰਾਏ, ਕਾਮਰੇਡ ਕਰਨ ਸਿੰਘ ਰਾਣਾ, ਕੈਪਟਨ ਗੁਰਪਾਲ ਸਿੰਘ ਮਜਾਰੀ, ਸਰਪੰਚ ਰਾਮ ਪਾਲ ਸਿੰਘ, ਚੌਧਰੀ ਮੇਲਾ ਰਾਮ, ਮੋਹਣ ਸਿੰਘ ਅਤੇ ਸੂਬੇਦਾਰ ਗੁਰਮੇਲ ਸਿੰਘ ਦਿਆਲ ਆਦਿ ਪਤਵੰਤੇ ਵੀ ਸ਼ਾਮਲ ਸਨ।