ਪੱਤਰ ਪ੍ਰੇਰਕ
ਫਗਵਾੜਾ, 20 ਮਾਰਚ
ਫਗਵਾੜਾ ਤੋਂ ਲਗਾਤਾਰ ਦੂਸਰੀ ਵਾਰ ਵਿਧਾਇਕ ਚੁਣੇ ਗਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੋਟਰਾਂ ਦਾ ਧੰਨਵਾਦ ਕਰਨ ਲਈ ਆਪਣੇ ਸਮਰਥਕਾਂ ਸਮੇਤ ਪੈਦਲ ਯਾਤਰਾ ਕੀਤੀ, ਜਿਸ ’ਚ ਕਾਂਗਰਸੀ ਆਗੂ, ਵਰਕਰ ਤੇ ਸਮਰਥਕ ਸ਼ਾਮਲ ਹੋਏ। ਪੈਦਲ ਯਾਤਰਾ ਦੌਰਾਨ ਵਿਧਾਇਕ ਧਾਲੀਵਾਲ ਦਾ ਥਾਂ-ਥਾਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਜਿੱਤ ’ਤੇ ਵਧਾਈ ਦਿੱਤੀ ਗਈ। ਇਹ ਮਾਰਚ ਨਿੰਮਾ ਵਾਲਾ ਚੌਕ ਤੋਂ ਸ਼ੁਰੂ ਹੋ ਕੇ ਸਰਾਫ਼ਾ ਬਾਜ਼ਾਰ, ਸਤਕਰਤਾਰੀਆ, ਕੌੜੀਆ ਮੁਹੱਲਾ ਤੋਂ ਹੁੰਦਾ ਹੋਇਆ ਸੁਭਾਸ਼ ਨਗਰ ਪਹੁੰਚ ਕੇ ਸਮਾਪਤ ਹੋਇਆ।
ਇਸ ਮੌਕੇ ਧਾਲੀਵਾਲ ਨੇ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਤੇ ਕਿਹਾ ਕਿ ਫਗਵਾੜਾ ਵਾਸੀਆਂ ਵੱਲੋਂ ਮਿਲੇ ਪਿਆਰ ਦੀ ਬਦੌਲਤ ਹੀ ਉਹ ਫਗਵਾੜਾ ਤੋਂ ਦੂਜੀ ਵਾਰ ਵਿਧਾਨ ਸਭਾ ਸੀਟ ਜਿੱਤਣ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਹੀਂ, ਸਗੋਂ ਫਗਵਾੜਾ ਦੇ ਵਿਕਾਸ ਅਤੇ ਤਰੱਕੀ ਦੀ ਜਿੱਤ ਹੈ।