ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 23 ਜਨਵਰੀ
ਕਿਸਾਨ ਜੱਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਕੀਤੀ ਜਣ ਵਾਲੀ ਟਰੈਕਟਰ ਰੈਲੀ ਵਿੱਚ ਸ਼ਾਮਿਲ ਹੋਣ ਲਈ ਅੱਜ ਸਥਾਨਕ ਦਾਣਾ ਮੰਡੀ ਤੋਂ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਸ਼ਿਰਕਤ ਕਰਦਿਆਂ ਕਿਸਾਨਾਂ ਦਾ ਸੰਘਰਸ਼ ਦਾ ਸਮਰਥਨ ਕਰਦਿਆਂ ਰੈਲੀ ਨੂੰ ਰਵਾਨਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜੇ ਕੋਈ ਕਿਸਾਨ ਦਿੱਲੀ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਡੀਜ਼ਲ ਆਦਮਪੁਰ ਨਜ਼ਦੀਕ ਪੰਪਾਂ ਤੋਂ ਮੁਫ਼ਤ ਭਰਵਾ ਕੇ ਦਿੱਤਾ ਜਾਵੇਗਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਦਿੱਲੀ ਰੈਲੀ ਲਈ ਅੱਜ 200 ਟਰੈਕਟਰ ਟਰਾਲੀਆਂ, ਬੱਸਾਂ ਤੇ ਕਾਰਾਂ ਦਾ ਕਾਫ਼ਲਾ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਸੰਤ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਅਕਾਲੀ ਦਲ (ਡੀ) ਦੇ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਅਤੇ ਹੋਰਨਾਂ ਨੇ ਟਰੈਕਟਰ ਪਰੇਡ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸੰਤ ਸੇਵਾ ਸਿੰਘ ਨੇ ਕਾਫ਼ਲੇ ’ਚ ਸ਼ਾਮਲ ਵਲੰਟੀਅਰਾਂ ਨੂੰ 4 ਹਜ਼ਾਰ ਜੈਕਟਾਂ ਦਿੱਤੀਆਂ। ਇਸ ਦੌਰਾਨ ਕਿਸਾਨਾਂ ਦੇ ਹੱਕ ’ਚ ਟਰੈਕਟਰ ਰੈਲੀ ਹਰਿਆਣਾ ਤੋਂ ਸ਼ੁਰੂ ਹੋ ਕੇ ਲਾਚੋਵਾਲ ਅਤੇ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਵਾਪਸ ਹਰਿਆਣਾ ਪਹੁੰਚੀ। ਲਾਚੋਵਾਲ ਟੋਲ ਪਲਾਜ਼ਾ ’ਤੇ ਧਰਨਾ ਦੇ ਰਹੇ ਆਗੂਆਂ ਨੇ ਚਾਹ ਦੀ ਸੇਵਾ ਨਿਭਾਈ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕਾਲੇ ਕਨੂੰਨ ਰੱਦ ਕਰਵਾਉਣ ਲਈ ਪਿੰਡਾਂ ’ਚੋਂ ਅੱਜ ਟਰੈਕਟਰ ਟਰਾਲੀਆਂ ਦਿੱਲੀ ਲਈ ਰਵਾਨਾ ਹੋਈਆਂ। ਇੱਥੇ ਕੁੱਲ ਹਿੰਦ ਕਿਸਾਨ ਸਭਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋ ਦਰਜਨ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨ ਗੜ੍ਹੀ ਮੱਟੋਂ, ਭੰਮੀਆਂ, ਘਾਗੋ ਰੋੜਾਂ ਵਾਲੀ, ਨੈਨਵਾਂ, ਪੰਡੋਰੀ ਬੀਤ, ਗੜ੍ਹਸ਼ੰਕਰ, ਪੋਸੀ, ਮੋਰਾਂਵਾਲੀ, ਚੱਕ ਫੁੱਲੂ ਆਦਿ ਪਿੰਡਾਂ ਤੋਂ ਰਵਾਨਾ ਹੋਈਆਂ। ਇਨ੍ਹਾਂ ਕਾਫਲਿਆਂ ਨੂੰ ਦਰਸ਼ਨ ਸਿੰਘ ਮੱਟੂ, ਹਰਸ਼ਰਨ ਸਿੰਘ ਭਾਤਪੁਰੀ, ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਫਗਵਾੜਾ (ਜਸਬੀਰ ਚਾਨਾ): ਕਿਸਾਨ ਆਗੂ ਕ੍ਰਿਪਾਲ ਸਿੰਘ ਮੁਸਾਪੂਰ ਦੀ ਅਗਵਾਈ ’ਚ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਕਾਫਲਾ ਚਾਚੋਕੀ ਤੋਂ ਰਵਾਨਾ ਹੋਇਆ। ਪਿੰਡ ਡੁਮੇਲੀ ਗੁਰਦੁਆਰੇ ਦੇ ਮੁੱਖੀ ਸੰਤ ਪ੍ਰੀਤਮ ਸਿੰਘ ਨੇ ਜਥੇ ਨੂੰ ਰਵਾਨਾ ਕੀਤਾ। ਸ੍ਰੀ ਮੁਸਾਪੂਰ ਨੇ ਦੱਸਿਆ ਕਿ ਇਕ ਹਜ਼ਾਰ ਟਰੈਕਟਰ ਅੱਜ ਰਵਾਨਾ ਹੋਏ ਹਨ ਜਿਨ੍ਹਾਂ ਵਿੱਚ 10 ਟਰਾਲੀਆਂ ਰਾਸ਼ਨ ਦੀਆਂ ਸ਼ਾਮਲ ਹਨ।
ਮੁਕੇਰੀਆਂ (ਜਗਜੀਤ ਸਿੰਘ): ਦਿੱਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਕਿਸਾਨ ਜਥੇਬੰਦੀਆਂ ਇਕੱਤਰ ਹੋਈਆਂ। ਇਸ ਮੌਕੇ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਵਾਹਨਾਂ ਦਾ ਕਾਫਲਾ ਰਵਾਨਾ ਹੋਇਆ।