ਫਗਵਾੜਾ: ਇੱਥੇ ਜੀਟੀ ਰੋਡ ’ਤੇ ਸਥਿਤ ਚੱਕ ਹਕੀਮ ਨੇੜੇ ਕਾਰ ਤੇ ਟਾਟਾ ਏਸ ਦੀ ਹੋਈ ਟੱਕਰ ’ਚ ਟੈਂਪੂ ਚਾਲਕ ਦੀ ਮੌਤ ਹੋ ਗਈ ਜਦਕਿ ਕਾਰ ’ਚ ਸਵਾਰ ਪੰਜ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਸਦਰ ਦੇ ਜਾਂਚ ਅਧਿਕਾਰੀ ਨਿਰਮਲ ਕੁਮਾਰ ਨੇ ਦੱਸਿਆ ਕਿ ਕਾਰ ਸਵਾਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਲੁਧਿਆਣਾ ਵੱਲ ਜਾ ਰਹੇ ਸਨ ਜਦੋਂ ਇਹ ਚੱਕ ਹਕੀਮ ਨੇੜੇ ਪੁੱਜੇ ਤਾਂ ਪਿੱਛੋਂ ਜਲੰਧਰ ਸਾਈਡ ਤੋਂ ਆ ਰਹੇ ਟਾਟਾ ਏਸ ਨੇ ਇਸ ਤੋਂ ਅੱਗੇ ਲੰਘ ਕੇ ਕਾਰ ਵੱਲ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ’ਚ ਜਾ ਵੱਜੀ ਜਦਕਿ ਟਾਟਾ ਏਸ ਇੱਕ ਹੋਰ ਗੱਡੀ ਨੂੰ ਬਚਾਉਂਦਾ ਹੋਇਆ ਵੀ ਡਵਾਈਡਰ ’ਤੇ ਜਾ ਚੜ੍ਹਿਆ। ਇਸ ਕਾਰਨ ਟੈਂਪੂ ਚਾਲਕ ਪ੍ਰਭੂ ਵਾਸੀ ਲੁਧਿਆਣਾ ਦੀ ਮੌਤ ਹੋ ਗਈ ਤੇ ਕਾਰ ’ਚ ਸਵਾਰ ਹੋਏ ਜ਼ਖਮੀਆਂ ’ਚ ਨਵਜੋਤ ਸਿੰਘ, ਤਲਵਿੰਦਰ ਕੌਰ, ਪਰਮਿੰਦਰ ਕੌਰ, ਅਕਾਸ਼ਦੀਪ, ਸੰਦੀਪ ਕੌਰ ਸ਼ਾਮਲ ਹਨ। -ਪੱਤਰ ਪ੍ਰੇਰਕ