ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਸੀਪੀਆਈ (ਐੱਮ) ਤਹਿਸੀਲ ਕਮੇਟੀ ਜਲੰਧਰ ਦੀ 23ਵੀਂ ਜਥੇਬੰਦਕ ਕਾਨਫਰੰਸ ਇੱਥੇ ਪਾਰਟੀ ਦਫਤਰ ਵਿਚ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਵੀਵੀ ਐਂਥਨੀ, ਰਤਨ ਸਿੰਘ ਜਮਸ਼ੇਰ ਅਤੇ ਪਰਮਜੀਤ ਸੰਸਾਰਪੁਰ ਨੇ ਕੀਤੀ। ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਾਨਫਰੰਸ ਦਾ ਉਦਘਾਟਨ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕੀਤਾ।
ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਸਮੇਂ ਹਿੰਦੂ ਰਾਸ਼ਟਰਵਾਦੀ, ਫਿਰਕੂ ਫਾਸ਼ੀ ਵਿਚਾਰਧਾਰਾ ਵਾਲੀ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹੁਣਾ ਸੀਪੀਆਈ (ਐੱਮ) ਸਾਹਮਣੇ ਸਭ ਤੋਂ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇਸ਼ ਦੀਆਂ ਸਾਰੀਆਂ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਸ਼ਕਤੀਆਂ ਨੂੰ ਇਸ ਮੰਤਵ ਲਈ ਇੱਕ ਮੰਚ ’ਤੇ ਇਕੱਠਾ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਵੀ ਕੀਤੀ।
ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਸੀਪੀਆਈ (ਐੱਮ) ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਤਹਿਸੀਲ ਸਕੱਤਰ ਕਾਮਰੇਡ ਕੇਵਲ ਸਿੰਘ ਹਜ਼ਾਰਾ ਵੱਲੋਂ ਪੇਸ਼ ਪਿਛਲੇ ਸਮੇਂ ਦੇ ਕੰਮਾਂ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਗਿਆ।
ਅੰਤ ਵਿੱਚ ਕਾਮਰੇਡ ਤੱਗੜ ਨੇ ਪਿਛਲੀ ਤਹਿਸੀਲ ਕਮੇਟੀ ਵੱਲੋਂ ਤਜਵੀਜ਼ ਕੀਤੇ 18 ਨਾਵਾਂ ਦਾ ਪੈਨਲ ਅਜਲਾਸ ਸਾਹਮਣੇ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਕੁੱਲ 21 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ ਅਤੇ ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ। ਨਵੀਂ ਤਹਿਸੀਲ ਕਮੇਟੀ ਨੇਮੀਟਿੰਗ ਕਰਕੇ ਕਾਮਰੇਡ ਵੀਵੀ ਐਂਥਨੀ ਨੂੰ ਆਪਣਾ ਸਕੱਤਰ ਚੁਣ ਲਿਆ। ਇਕ ਮਤੇ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ।