ਦਸੂਹਾ (ਪੱਤਰ ਪ੍ਰੇਰਕ): ਇਥੇ ਜੀਟੀਬੀ ਖਾਲਸਾ ਕਾਲਜ ਆਫ ਐਜੂਕੇਸ਼ਨ ਦਸੂਹਾ ਵਿੱਚ ਪ੍ਰਿੰ. ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਮਹੱਤਤਾ ਨਾਲ ਸਬੰਧਤ ਕਵਿਤਾਵਾਂ, ਭਾਸ਼ਣ ਅਤੇ ਨਾਚ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਅਧਿਆਪਕਾਂ ਵਿਚਕਾਰ ਕਰਵਾਏ ਖੇਡ ਮੁਕਾਬਲੇ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਬੋਸਕੀ, ਪ੍ਰੋ. ਇੰਦਰਪ੍ਰੀਤ ਸਿੰਘ ਗਗਨ ਆਦਿ ਮੌਜੂਦ ਸਨ। ਇਸੇ ਤਰ੍ਹਾਂ ਐੱਸਵੀਜੇਸੀ ਡੀਏਵੀ ਪਬਲਿਕ ਸਕੂਲ ਦਸੂਹਾ, ਡੀਏਵੀ ਬਲੱਗਣਾਂ ਸਕੂਲ ਵਿੱਚ ਤੇ ਸੁੱਖ ਸਾਗਰ ਇੰਟਰ ਨੈਸ਼ਨਲ ਸਕੂਲ ਸੈਦੋਵਾਲ ’ਚ ਵੀ ਅਧਿਆਪਕ ਦਿਵਸ ਮਨਾਇਆ ਗਿਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ’ਚ ਅਧਿਆਪਕ ਦਿਵਸ ਪ੍ਰਿੰਸੀਪਲ ਕਿਰਨਜੋਤ ਕੌਰ ਦੀ ਦੇਖ ਰੇਖ ਹੇਠ ਮਨਾਇਆ ਗਿਆ। ਸੀਮਾ ਜੈਸਵਾਲ ਨੇ ਅਧਿਆਪਕ ਦਿਵਸ ਦੀ ਮਹੱਤਤਾ ਦੱਸੀ। ਇਸ ਮੌਕੇ ਸਵਾਮੀ ਰਾਮ ਭਾਰਤੀ, ਕੁਲਦੀਪ ਦੁੱਗਲ, ਕ੍ਰਿਸ਼ਨ ਕੁਮਾਰ ਬੱਗਾ, ਮਾਸਟਰ ਰਮੇਸ਼ ਚੰਦਰ ਦੱਤਾ ਤੇ ਹੋਰਾਂ ਨੇ ਸਟਾਫ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ।
ਸੇਵਾਮੁਕਤ ਅਧਿਆਪਕਾਂ ਦਾ ਸਨਮਾਨ
ਬੰਗਾ (ਪੱਤਰ ਪ੍ਰੇਰਕ): ਅਧਿਆਪਕ ਦਿਵਸ ਮੌਕੇ ਪਿੰਡ ਮਜਾਰੀ ਵਿੱਚ ਸਵ. ਗੁਲਜ਼ਾਰਾ ਰਾਮ ਯਾਦਗਾਰੀ ਟਰੱਸਟ ਮਜਾਰੀ ਵੱਲੋਂ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਿੰਡ ਦੇ ਸੇਵਾਮੁਕਤ ਅਧਿਆਪਕਾਂ ਨੂੰ ਸ਼ਲਾਘਾ ਪੱਤਰ ਪ੍ਰਦਾਨ ਕੀਤੇ ਗਏ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਸਟੇਟ ਐਵਾਰਡੀ ਸੋਮ ਰਾਜ, ਰੂਪ ਚੰਦ, ਕੁਲਵੀਰ ਕੌਰ, ਰੇਸ਼ਮ ਕੌਰ ਆਦਿ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਪਿੰਡ ਮਜਾਰੀ ਦੇ ਮਿਡਲ ਅਤੇ ਪ੍ਰਾਇਮਰੀ ਸਕੂਲ ’ਚੋਂ ਸੇਵਾਮੁਕਤ ਹੋਏ ਕ੍ਰਮਵਾਰ ਜਨਮ ਗੌਤਮ ਅਤੇ ਕਮਲਾ ਦੇਵੀ ਨੂੰ ਵੀ ਸਨਮਾਨਿਤ ਕੀਤਾ ਗਿਆ।