ਪੱਤਰ ਪ੍ਰੇਰਕ
ਬੰਗਾ, 4 ਸਤੰਬਰ
ਸਿੱਖਿਆ ਵਿਭਾਗ ਵਲੋਂ ਸਟੇਟ ਐਵਾਰਡ ਲਈ ਬੰਗਾ ਦੀ ਅਧਿਆਪਕ ਡਾ. ਬਿੰਦੂ ਕੈਂਥ ਦੀ ਚੋਣ ਹੋਣ ਨਾਲ ਇਲਾਕੇ ਵਿੱਖ ਖੁਸ਼ੀ ਦਾ ਮਾਹੌਲ ਹੈ। ਉਹ ਸਥਾਨਕ ਬਾਬਾ ਗੋਲਾ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਾਜਨੀਤੀ ਸ਼ਾਸ਼ਤਰ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਵੱਲੋਂ ਗਿਆਨ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਸਮਝਾਉਣ, ਵਕਤੀ ਝਲਕਾਰਿਆਂ ਤੋਂ ਸੁਚੇਤ ਕਰਨ, ਖਾਸ ਦਿਨਾਂ ਨੂੰ ਅਰਥਪੂਰਨ ਢੰਗ ਨਾਲ ਮਨਾਉਣ, ਸੱਭਿਆਚਾਰ ਪੇਸ਼ਕਾਰੀਆਂ ਤਿਆਰ ਕਰਨ, ਪ੍ਰਤੀਯਗਤਾ ਮੁਕਾਬਲਿਆਂ ’ਚ ਇਨਾਮ ਸਰ ਕਰਨ ਆਦਿ ਉਕਤ ਐਵਾਰਡ ਦਾ ਮੁੱਖ ਆਧਾਰ ਬਣਿਆ ਹੈ। ਕਰੋਨਾ ਕਾਲ ਦੌਰਾਨ ਹੋਏ ਲੌਕਡਾਊਨ ਵਿੱਚ ਡਾ. ਬਿੰਦੂ ਕੈਂਥ ਵਲੋਂ ਸਿੱਖਿਆ ਵਿਭਾਗ ਲਈ ਤਿਆਰ ਕੀਤੀ ਵਿਲੱਖਣ ਐਪ ਰਾਹੀਂ ਵੀ ਡਾ. ਬਿੰਦੂ ਸੁਰਖੀਆਂ ’ਚ ਰਹੇ। ਡਾ. ਬਿੰਦੂ ਕੈਂਥ ਨੂੰ ਸਿੱਖਿਆ ਵਿਭਾਗ ਵਲੋਂ ਪਹਿਲਾਂ ਵੀ ਉਹਨਾਂ ਦੀਆਂ ਵੱਖ ਵੱਖ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਸ਼ੇ ਨੂੰ ਰੌਚਕ ਬਣਾਉਣ ਲਈ ਮਟੀਰੀਅਲ ਖੇਡ ਵਿਧੀ ਦੀ ਵਰਤੋਂ ਕਰਨ ਨਾਲ ਵਿਦਿਆਰਥੀ ਅਤੇ ਵਿਸ਼ੇ ਦੀ ਸਾਂਝ ’ਚ ਬੇੇਹੱਦ ਵਾਧਾ ਹੁੰਦਾ ਹੈ। ਅਧਿਆਪਕ ਦਿਵਸ ਮੌਕੇ ਉਨ੍ਹਾਂ ਨੂੰ ਮਿਲਣ ਜਾ ਰਹੇ ਸਟੇਟ ਐਵਾਰਡ ਲਈ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਖੇਡ ਸੰਸਥਾਵਾਂ ਵਲੋਂ ਵੀ ਵਧਾਈਆਂ ਮਿਲ ਰਹੀਆਂ ਹਨ।