ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 11 ਅਕਤੂਬਰ
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਤੇ ਦੇਸ ਦਾ ਵੱਕਾਰੀ 39ਵਾਂ ਸੁਰਜੀਤ ਹਾਕੀ ਟੂਰਨਾਮੈਂਟ ਫਲੱਡ ਲਾਈਟਾਂ ਵਿਚ ਖੇਡਿਆ ਜਾਵੇਗਾ। ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖੈਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਸਾਇਟੀ ਦੇ 5 ਮੈਂਬਰੀ ਕੌਰ ਗਰੁੱਪ ਜਿਸ ਵਿਚ ਉਨ੍ਹਾਂ ਸਣੇ ਸਕੱਤਰ ਜਨਰਲ ਸੁਰਿੰਦਰ ਸਿੰਘ ਭਾਪਾ, ਆਨਰੇਰੀ ਸਕੱਤਰ ਰਨਬੀਰ ਸਿੰਘ ਟੁੱਟ, ਜੁਆਇੰਟ ਸਕੱਤਰ ਰਮਣੀਕ ਸਿੰਘ ਰੰਧਾਵਾ ਅਤੇ ਸੀ.ਈ.ਓ. ਇਕਬਾਲ ਸਿੰਘ ਸੰਧੂ ਸ਼ਾਮਲ ਸਨ, ਅੱਜ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲੇ। ਉਨ੍ਹਾਂ ਨੇ ਜਿੱਥੇ ਮਿਲ ਕੇ ਮੰਤਰੀ ਨੂੰ ਫਾਈਨਲ ਮੈਚ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਪੁੱਜਣ ਦਾ ਸੱਦਾ ਦਿੱਤਾ, ਉੱਥੇ ਉਨ੍ਹਾਂ ਨੂੰ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੁਰਜੀਤ ਹਾਕੀ ਟੂਰਨਾਮੈਂਟ ਲਈ ਖਰਾਬ ਫਲੱਡ ਲਾਈਟਾਂ ਤੋਂ ਜਾਣੂ ਕਰਵਾਇਆ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੁਰਜੀਤ ਹਾਕੀ ਟੂਰਨਾਮੈਂਟ ਪੰਜਾਬ ਦਾ ਇਕ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਤੇ ਦੇਸ਼ ਦਾ ਵੱਕਾਰੀ ਟੂਰਨਾਮੈਂਟ ਹੈ। ਉਨ੍ਹਾਂ ਸੁਸਾਇਟੀ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਇਹ ਟੂਰਨਾਮੈਂਟ ਪਹਿਲਾਂ ਦੀ ਤਰ੍ਹਾਂ ਹੀ ਫਲੱਡ ਲਾਈਟਾਂ ਵਿਚ ਖੇਡਿਆ ਜਾਣਾ ਯਕੀਨੀ ਬਣਾਇਆ ਜਾਵੇਗਾ। ਖੇਡ ਮੰਤਰੀ ਨੇ ਸਟੇਡੀਅਮ ਸਬੰਧੀ ਹੋਰ ਮੁਸ਼ਕਲਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ।