ਸੁਰਜੀਤ ਮਜਾਰੀ
ਬੰਗਾ, 23 ਜਨਵਰੀ
ਇੱਕ ਪਾਸੇ ਇੱਥੋਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਨਿੱਤਰ ਜਾਣ ਨਾਲ ਚੋਣ ਮੈਦਾਨ ਭਖ ਰਿਹਾ ਹੈ, ਦੂਜੇ ਪਾਸੇ ਕਾਂਗਰਸ ਵਲੋਂ ਅਜੇ ਤੱਕ ਉਮੀਦਵਾਰ ਨਾ ਐਲਾਨੇ ਜਾਣ ਕਾਰਨ ਪਾਰਟੀ ਦੇ ਚੋਣ ਦਫ਼ਤਰ ’ਚ ਸੁੰਨ ਪੱਸਰੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਕਾਂਗਰਸ ਨੇ ਦਾਅਵੇਦਾਰਾਂ ਦੀ ਕਤਾਰ ਹੀ ਐਨੀ ਵੱਡੀ ਕਰ ਲਈ ਹੈ, ਜਿਸ ਨੂੰ ਹੁਣ ਸਾਂਭਣਾ ਔਖਾ ਹੋਇਆ ਪਿਆ ਹੈ। ਇਨ੍ਹਾਂ ’ਚੋਂ ਅਜੇ ਤੱਕ ਕਿਸੇ ਆਗੂ ਨੂੰ ਉਮੀਦਵਾਰ ਬਣਾਉਣ ਦਾ ਕੋਈ ਸੰਕੇਤ ਵੀ ਨਹੀਂ ਦਿੱਤਾ ਗਿਆ। ਹਾਲਾਂਕਿ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ 20 ਦੀ ਗਿਣਤੀ ਪਾਰ ਕਰ ਗਏ ਸਨ, ਪਰ ਇਨ੍ਹਾਂ ’ਚੋਂ ਚੌਧਰੀ ਤਰਲੋਚਨ ਸਿੰਘ ਸੂੰਢ, ਠੇਕੇਦਾਰ ਰਾਜਿੰਦਰ ਸਿੰਘ, ਡਾ. ਬਖਸ਼ੀਸ਼ ਸਿੰਘ, ਹਰਪ੍ਰੀਤ ਸਿੰਘ ਕੈਂਥ, ਕਮਲਜੀਤ ਸਿੰਘ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ। ਦੂਜੇ ਪਾਸੇ ਇਸ ਹਲਕੇ ਅੰਦਰ ਸਥਾਨਕ ਆਗੂਆਂ ਦੀ ਆਪਸੀ ਖਿੱਚੋਤਾਣ ਵੱਧ ਜਾਣ ਕਰ ਕੇ ਪਾਰਟੀ ਦੇ ਕਈ ਸੂਬਾਈ ਆਗੂਆਂ ਨੇ ਵੀ ਇਸ ਹਲਕੇ ਦੀ ਟਿਕਟ ’ਤੇ ਨਜ਼ਰ ਰੱਖੀ ਹੋਈ ਹੈ। ਇਨ੍ਹਾਂ ’ਚ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਖੁਦ ਅਤੇ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਆਪਣੀ ਪੁੱਤਰੀ ਨਮੀਸ਼ਾ ਚੌਧਰੀ ਲਈ ਟਿਕਟ ਪ੍ਰਾਪਤ ਕਰਨ ਦੇ ਇਛੁੱਕ ਵੀ ਦੱਸੇ ਜਾ ਰਹੇ ਹਨ। ਹੁਣ ਤਾਂ ਇੱਥੋਂ ਚੋਣ ਲੜਨ ਲਈ ਪੰਜਾਬ ਕਾਂਗਰਸ ਮਹਿਲਾ ਵਿੰਗ ਦੇੇ ਪ੍ਰਧਾਨ ਬੀਬੀ ਰਾਣਾ ਸੋਢੀ ਅਤੇ ਸਾਬਕਾ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਦਾ ਨਾਂ ਵੀ ਸੁਰਖੀਆਂ ’ਚ ਚੱਲ ਰਿਹਾ ਹੈ। ਪਾਰਟੀ ਦੇ ਬੰਦ ਪਏ ਚੋਣ ਦਫ਼ਤਰ ਕੋਲ ਖੜ੍ਹੇ ਇੱਕ ਵਰਕਰ ਨੇ ਕਿਹਾ ਕਿ ਹੁਣ ਤਾਂ ਜੇਕਰ ਚੰਨੀ ਇਸ ਹਲਕੇ ਤੋਂ ਚੋਣ ਲੜਦੇ ਹਨ ਤਾਂ ਗੱਲ ਬਣ ਸਕਦੀ ਹੈ।