ਪੱਤਰ ਪ੍ਰੇਰਕ
ਤਲਵਾੜਾ, 11 ਅਗਸਤ
ਕੰਢੀ ਖੇਤਰ ’ਚ ਮੱਕੀ ਦੀ ਫਸਲ ’ਤੇ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੇ ਸਾਹ ਸੂਤੇ ਦਿੱਤੇ ਹਨ। ਖੇਤੀਬਾੜੀ ਵਿਭਾਗ ਅਨੁਸਾਰ ਖ਼ੇਤਰ ’ਚ ਕਰੀਬ ਇੱਕ ਹਜ਼ਾਰ ਏਕੜ ਫਸਲ ਪ੍ਰਭਾਵਿਤ ਹੋਈ ਹੈ। ਪੰਚਾਇਤ ਯੂਨੀਅਨ ਤਲਵਾੜਾ ਨੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੱਕੀ ਕਾਸ਼ਤਕਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੰਢੀ ਦਾ ਕਿਸਾਨ ਮੱਕੀ ’ਤੇ ਸੁੰਡੀ ਦੇ ਹਮਲੇ ਦਾ ਸੰਤਾਪ ਹੰਢਾ ਰਿਹਾ ਹੈ ਪਰ ਐਤਕੀਂ ਸੁੰਡੀ ’ਤੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਈਆਂ ਦਵਾਈਆਂ ਦੇ ਛਿੜਕਾਅ ਦਾ ਵੀ ਕੋਈ ਅਸਰ ਨਹੀਂ ਹੋਇਆ। ਨੀਮ ਪਹਾੜੀ ਇਲਾਕਿਆਂ ’ਚ ਸੈਂਕੜੇ ਏਕੜ ਜ਼ਮੀਨ ’ਤੇ ਲੱਗੀ ਮੱਕੀ ਦੀ ਫ਼ਸਲ ਬਰਬਾਦ ਹੋ ਗਈ ਹੈ।
ਕਿਸਾਨ ਬਾਲਕ ਰਾਮ ਪਿੰਡ ਹਲੇੜ੍ਹ, ਹਰਬੰਸ ਲਾਲ ਪਿੰਡ ਬਾੜੀ, ਬਲਵਿੰਦਰ ਸਿੰਘ ਬਹਿ ਚੁਹੜ, ਅਨੂਪ ਸਿੰਘ ਤੇ ਰਾਜਿੰਦਰ ਸਿੰਘ ਆਦਿ ਮੱਕੀ ਕਾਸ਼ਤਕਾਰਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੱਕੀ ’ਤੇ ਸੁੰਡੀ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ। ਇਸ ਵਰ੍ਹੇ ਮੱਕੀ ’ਤੇ ਸੁੰਡੀ ਦੇ ਵਾਰ-ਵਾਰ ਹਮਲੇ ਤੋਂ ਉਹ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਸੁਝਾਈਆਂ ਦਵਾਈਆਂ ਦਾ 40 ਦਿਨ ’ਚ ਤਿੰਨ ਵਾਰ ਮੱਕੀ ’ਤੇ ਛਿੜਕਾਅ ਕਰ ਚੁੱਕੇ ਹਨ ਪਰ ਸਭ ਕੁਝ ਬੇਅਸਰ ਹੈ। ਪੰਚਾਇਤ ਯੂਨੀਅਨ ਤਲਵਾੜਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਬੇੜਿੰਗ, ਜਨ ਸਕੱਤਰ ਕੁਲਦੀਪ ਭੰਬੋਤਾੜ, ਸ਼ਾਮ ਸੁੰਦਰ ਪਲੀਹਰ ਤੇ ਸੁਰਿੰਦਰ ਸਿੰਘ ਬਾੜੀ ਪੱਤੀ ਕੈਰੀ ਨੇ ਸਰਕਾਰ ਤੋਂ ਪ੍ਰਭਾਵਿਤ ਇਲਾਕੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੱਕੀ ਕਾਸ਼ਤਕਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਬਲਾਕ ਖੇਤੀਬਾੜੀ ਅਫਸਰ ਦੀਪਕ ਪੁਰੀ ਨੇ ਦੱਸਿਆ ਕਿ ਬਲਾਕ ਤਲਵਾੜਾ ’ਚ ਕਰੀਬ ਇੱਕ ਹਜ਼ਾਰ ਏਕੜ ’ਚ ਲੱਗੀ ਮੱਕੀ ਦੀ ਫਸਲ ਸੁੰਡੀ ਦੇ ਹਮਲੇ ਨਾਲ ਪ੍ਰਭਾਵਿਤ ਹੋਈ ਹੈ। ਕੀੜੇ ਵੱਲੋਂ ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਤੇਜ਼ੀ ਨਾਲ ਵਿਕਸਿਤ ਕੀਤੀ ਜਾ ਰਹੀ ਹੈ। ਬਾਜ਼ਾਰ ’ਚ ਮੌਜੂਦ ਕੀੜੇਮਾਰ ਦਵਾਈਆਂ ਬੇਅਸਰ ਸਿੱਧ ਹੋ ਰਹੀਆਂ ਹਨ।