ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵਰਾਤਰਿਆਂ ਦੇ ਮੌਕੇ ’ਦੇ ਦੇਵੀ ਤਲਾਬ ਮੰਦਰ ਨਤਮਸਤਕ ਹੋਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਨਵਰਾਤਰੇ ਚੱਲ ਰਹੇ ਹਨ ਅਤੇ ਉਹ ਮਾਤਾ ਰਾਣੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਆਏ ਹਨ। ਮੰਦਰ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ ਅਤੇ ਖ਼ਜ਼ਾਨਚੀ ਬਲਵਿੰਦਰ ਬਹਿਲ ਸਮੇਤ ਮੈਂਬਰਾਂ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੂੰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਵਿਸ਼ਵਾਸ ਹੈ ਕਿਉਂਕਿ ਉਹ ਧਰਮ ਨਿਰਪੱਖ ਸੋਚ ਦੇ ਧਾਰਨੀ ਹਨ। ਉਨ੍ਹਾਂ ਇੱਛਾ ਪ੍ਰਗਟਾਈ ਕਿ 2022 ਵਿੱਚ ਸੁਖਬੀਰ ਬਾਦਲ ਮੁੱਖ ਮੰਤਰੀ ਬਣਨ ਅਤੇ ਕਮੇਟੀ ਸਮੇਤ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਵੀ ਕਾਮਨਾ ਕੀਤੀ ਹੈ ਕਿ ਪੰਜਾਬ, ਜੋ ਕਿ ਇਕ ਸਰਹੱਦੀ ਸੂਬਾ ਹੈ, ਵਿੱਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਤੇ ਅਕਾਲ ਪੁਰਖ ਦੀ ਮਿਹਰ ਸਦਕਾ ਹਰ ਪੰਜਾਬੀ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ। ਇਸ ਮੌਕੇ ਦੇਵੀ ਤਲਾਬ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਸੁਖਬੀਰ ਬਾਦਲ ਦਾ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾਂ ਪਹਿਲੇ ਨਰਾਤੇ ’ਤੇ ਅਕਾਲੀ ਦਲ ਦੇ ਪ੍ਰਧਾਨ ਹਿਮਾਚਲ ਪ੍ਰਦੇਸ ਵਿੱਚ ਚਿੰਤਪੂਰਨੀ ਮੰਦਰ ਵਿੱਚ ਨਤਮਸਤਕ ਹੋਏ ਸਨ।