ਗੁਰਦੇਵ ਸਿੰਘ ਗਹੂੰਣ
ਬਲਾਚੌਰ, 19 ਅਗਸਤ
ਬੀਤੇ ਦਿਨੀਂ ਬਹੁ ਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ’ਚ ਵਿਭਾਗ ਦੇ 3 ਇੰਸਪੈਕਟਰਾਂ ਨੂੰ ਪੁਲੀਸ ਵੱਲੋਂ ਨਾਮਜ਼ਦ ਕਰਨ ਦੇ ਵਿਰੋਧ ਵਿੱਚ ਸਹਿਕਾਰੀ ਸਭਾਵਾਂ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ, ਜਤਿੰਦਰ ਕੁਮਾਰ, ਪ੍ਰਥਮ ਅਰੋੜਾ, ਸੰਦੀਪ ਸਿੰਘ, ਤਰੁਨ ਨੰਦਾ ਤੇ ਕੁਲਦੀਪ ਸਿੰਘ ਆਦਿ ਇੰਸਪੈਕਟਰਾਂ ’ਤੇ ਆਧਾਰਿਤ ਵਫ਼ਦ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਤੇ ਏਡੀਜੀ ਜਾਂਚ ਨੂੰ ਮਿਲਿਆ। ਵਫ਼ਦ ਨੇ ਕਿਹਾ ਕਿ ਥਾਣਾ ਸਦਰ ਨਵਾਂਸ਼ਹਿਰ ਦੀ ਪੁਲੀਸ ਨੇ ਬਿਨਾਂ ਜਾਂਚ ਪੜਤਾਲ ਕੀਤਿਆਂ ਉਨ੍ਹਾਂ ਦੇ ਇੰਸਪੈਕਟਰਾਂ ਵਿਰੁੱਧ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ, ਜਦਕਿ ਚਾਹੀਦਾ ਇਹ ਸੀ ਕਿ ਪੁਲੀਸ ਪਹਿਲਾਂ ਜਾਂਚ ਕਰਦੀ ਤੇ ਫਿਰ ਦੋਸ਼ੀ ਪਾਏ ਗਏ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਦੀ।
ਵਫ਼ਦ ਨੇ ਅੱਗੇ ਕਿਹਾ ਕਿ ਉਕਤ ਸਕੱਤਰ ਦੀ ਖੁਦਕੁਸ਼ੀ ਤੋਂ 4 ਦਿਨ ਪਹਿਲਾਂ ਜ਼ਿਲ੍ਹੇ ’ਚ ਬਦਲ ਕੇ ਆਏ ਇੰਸਪੈਕਟਰ ਤੇ ਦੋ ਹੋਰਾਂ ਨੂੰ ਸਹਾਇਕ ਰਜਿਸਟਰਾਰ ਬਲਾਚੌਰ ਵੱਲੋਂ ਉਕਤ ਸਹਿਕਾਰੀ ਸਭਾ ’ਚ ਹੋਏ ਗਬਨ ਦੀ ਜਾਂਚ ਕਰਨ ਲਈ ਹੁਕਮ ਜਾਰੀ ਕੀਤੇ ਗਏ ਸਨ, ਜਿਨ੍ਹਾਂ ਆਪਣੀ ਮੁਢਲੀ ਰਿਪੋਰਟ ’ਚ 17 ਲੱਖ ਰੁਪਏ ਤੋਂ ਵੱਧ ਗਬਨ ਦੀ ਰਿਪੋਰਟ ਸਹਾਇਕ ਰਜਿਸਟਰਾਰ ਬਲਾਚੌਰ ਨੂੰ ਸੌਂਪੀ ਸੀ, ਜਦਕਿ ਬਾਕੀ ਜਾਂਚ ਅਜੇ ਹੋਣੀ ਸੀ ਕਿ ਸੁਸਾਇਟੀ ’ਚ ਕੁਲ ਕਿੰਨਾ ਗਬਨ ਹੋਇਆ ਹੈ, ਪਰ ਇਸੇ ਦੌਰਾਨ ਸੁਸਾਇਟੀ ਦੇ ਸਕੱਤਰ ਨੇ ਖ਼ੁਦਕੁਸ਼ੀ ਕਰ ਲਈ ਤੇ ਜਾਂਚ ਬੰਦ ਹੋ ਗਈ। ਵਫ਼ਦ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਫੌਤ ਹੋ ਚੁੱਕੇ ਹਿੱਸੇਦਾਰਾਂ ਦੇ ਨਾਂ ’ਤੇ ਵੀ ਕਰਜ਼ਾ ਦਿੱਤਾ ਗਿਆ ਸੀ। ਵਫ਼ਦ ਨੇ ਦੱਸਿਆ ਕਿ ਵਫ਼ਦ ਵੱਲੋਂ ਐੱਸਆਈਟੀ ਬਣਾ ਕੇ ਨਿਰਪੱਖ ਜਾਂਚ ਦੀ ਕੀਤੀ ਗਈ ਮੰਗ ’ਤੇ ਸਹਿਕਾਰਤਾ ਮੰਤਰੀ ਵੱਲੋਂ ਦਿੱਤੇ ਭਰੋਸੇ ਮਗਰੋਂ ਜਥੇਬੰਦੀ ਵੱਲੋਂ ਸੂਬੇ ਭਰ ’ਚ 13 ਅਗਸਤ ਤੋਂ ਕੀਤੀ ਗਈ ਮੁਕੰਮਲ ਹੜਤਾਲ ਸਮਾਪਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਵੱਲੋਂ ਉਨ੍ਹਾਂ ਦੇ ਇੰਸਪੈਕਟਰ ਸਾਥੀਆਂ ਨੂੰ ਇਨਸਾਫ਼ ਨਾ ਦਿੱਤਾ ਗਿਆ, ਜਾਂ ਬਿਨਾਂ ਜਾਂਚ ਪੜਤਾਲ ਦੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੁੜ ਸੂਬਾ ਪੱਧਰ ’ਤੇ ਸੰਘਰਸ਼ ਵਿੱਢਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਪਹਿਲਾਂ ਮੁਕੰਮਲ ਜਾਂਚ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਹੀ ਕਿਸੇ ਵੀ ਦੋਸ਼ੀ ਪਾਏ ਗਏ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਵੱਲ ਵਧਿਆ ਜਾਵੇ।