ਜਸਬੀਰ ਸਿੰਘ ਚਾਨਾ
ਫਗਵਾੜਾ, 13 ਅਗਸਤ
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੰਨੇ ਦਾ ਭਾਅ ਜੋ ਲੰਬੇ ਸਮੇਂ ਤੋਂ ਨਹੀਂ ਵਧਾਇਆ ਗਿਆ, ਤੁਰੰਤ ਵਧਾਇਆ ਜਾਵੇ ਨਹੀਂ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ’ਤੇ ਕਿਸਾਨ ਜਥੇਬੰਦੀਆਂ ਚੰਡੀਗੜ੍ਹ ’ਚ ਧਰਨੇ ਲਗਾਉਣ ਲਈ ਮਜਬੂਰ ਹੋਣਗੀਆ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ ’ਤੇ ਅੱਜ ਇੱਥੇ ਏਡੀਸੀ ਰਾਜੀਵ ਵਰਮਾ ਨੂੰ ਮੰਗ ਪੱਤਰ ਦੇਣ ਲਈ ਕਿਸਾਨਾਂ ਦਾ ਕਾਫ਼ਲਾ ਦਾਣਾ ਮੰਡੀ ਤੋਂ ਗੱਡੀਆਂ ’ਚ ਸਵਾਰ ਹੋ ਕੇ ਨਗਰ ਨਿਗਮ ਦਫ਼ਤਰ ਪੁੱਜਾ। ਜਿੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਠੋਲੀ, ਇੰਦਰਜੀਤ ਸਿੰਘ ਖਲਿਆਣ, ਸੰਤੋਖ ਸਿੰਘ ਲੱਖਪੁਰ, ਹਰਵਿੰਦਰ ਸਿੰਘ ਮਾਨਾਂਵਾਲੀ, ਬਲਜਿੰਦਰ ਸਿੰਘ, ਦਲਜੀਤ ਸਿੰਘ ਹਰਦਾਸਪੁਰ, ਮਨਜੀਤ ਸਿੰਘ ਲੱਲ੍ਹੀਆ, ਸੰਨੀ ਵਾਹਦ, ਜੀਤੀ ਖੇੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੇ ਗੰਨੇ ਦਾ ਭਾਅ ਨਹੀਂ ਵਧਾਇਆ ਪਰ ਖੇਤੀ ਨਾਲ ਸਬੰਧਿਤ ਵਸੂਤਆਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬਾਬਾ ਲਾਭ ਸਿੰਘ ਦਾ ਧਰਨਾ ਪਹਿਲਾਂ ਹੀ ਚੰਡੀਗੜ੍ਹ ’ਚ ਚੱਲ ਰਿਹਾ ਹੈ, ਉਸੇ ਹੀ ਧਰਨੇ ਨੂੰ ਵੱਡੇ ਧਰਨੇ ਦਾ ਰੂਪ ਦੇਣਾ ਕਿਸਾਨਾਂ ਲਈ ਕੋਈ ਮੁਸ਼ਕਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਬੱਸਾਂ ’ਚ ਹੁਣ ਮਹਿਲਾਵਾਂ ਲਈ ਸਫ਼ਰ ਦੀ ਸਹੂਲਤ ਮੁਫ਼ਤ ਹੈ, ਕਿਸਾਨ ਸਰਕਾਰ ਦੀਆਂ ਬੱਸਾਂ ਭਰ ਕੇ ਹੀ ਹਰ ਪਿੰਡ ’ਚੋਂ ਬੀਬੀਆਂ ਦਾ ਜਥਾ ਲੈ ਕੇ ਚੰਡੀਗੜ੍ਹ ਜਾਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਿੱਲਾਂ ਵੱਲ ਗੰਨੇ ਦਾ ਬਕਾਇਆ ਹੈ, ਉਹ ਤੁਰੰਤ ਦਿਵਾਇਆ ਜਾਵੇ ਅਤੇ ਸਮਰਥਨ ਮੁੱਲ 370 ਰੁਪਏ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।