ਪੱਤਰ ਪ੍ਰੇਰਕ
ਫਗਵਾੜਾ, 13 ਅਗਸਤ
ਫਗਵਾੜਾ ਸ਼ੂਗਰ ਮਿੱਲ ਵੱਲ ਕਿਸਾਨਾਂ ਦੀ ਬਕਾਇਆ 72 ਕਰੋੜ ਰੁਪਏ ਦੀ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ ਪੰਜ ਦਿਨਾਂ ਪਹਿਲਾ ਸ਼ੁਰੂ ਕੀਤਾ ਧਰਨਾ ਅੱਜ ਛੇਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਕਿਸਾਨ ਪੁੱਜੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ, ਕੁਲ ਕਿਸਾਨ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਤਰਲੋਕ ਸਿੰਘ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਆਦਿ ਆਗੂਆਂ ਨੇ ਕਿਹਾ ਕਿ ਮਿੱਲ ਮਾਲਕਾ ਵੱਲੋਂ ਗੰਨੇ ਦੀ ਰਾਸ਼ੀ ਨਾ ਮਿਲਣ ਕਾਰਨ ਕਿਸਾਨ ਆਪਣੇ ਖਰਚੇ ਕਰਨ ਤੋਂ ਔਖੇ ਹਨ ਅਤੇ ਕਰਜ਼ਾ ਵਧਣ ਕਾਰਨ ਆਰਥਿਕ ਸੰਕਟ ’ਚ ਡੁੱਬਦੇ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਇਸ ਧਰਨੇ ਦੀ ਅਗਵਾਈ ਕੀਤੀ ਜਾ ਰਹੀ ਹੈ ਤੇ ਹੁਣ ਕਿਸਾਨ ਕਿਸੇ ਵੀ ਕੀਮਤ ’ਤੇ ਟਿੱਕ ਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਪਾਸ ਪਹਿਲਾਂ ਹੀ ਮਿੱਲ ਨੂੰ ਟੇਕਓਵਰ ਕਰਨ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਇੱਕ ਮਿੱਲ ਦਾ ਮਾਮਲਾ ਨਜਿੱਠਣ ’ਚ ਹੀ ਫ਼ੇਲ੍ਹ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਚਿਹਰੇ ਹੀ ਬਦਲੇ ਹਨ ਜਦਕਿ ਪਾਲਿਸੀਆਂ ਪਹਿਲੀਆਂ ਸਰਕਾਰਾਂ ਵਰਗੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੋਰਚਾ 25 ਅਗਸਤ ਤੱਕ ਲਗਾਤਾਰ ਜਾਰੀ ਰਹੇਗਾ ਤੇ ਜੇਕਰ ਸਰਕਾਰ ਮਾਮਲਾ ਹੱਲ ਨਾ ਕੀਤਾ ਸੰਘਰਸ਼ ਤੇਜ਼ ਕੀਤਾ ਜਾਵੇਗਾ। ਧਰਨੇ ਵਿੱਚ ਸਾਬਕਾ ਮੰਤਰੀ ਪਰਗਟ ਸਿੰਘ ਵੀ ਸ਼ਾਮਲ ਹੋਏ।
ਦਿੱਲੀ-ਅੰਮ੍ਰਿਤਸਰ ਮਾਰਗ ਆਵਾਜਾਈ ਲਈ ਖੋਲ੍ਹਿਆ
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੱਲ੍ਹ ਇਥੇ ਕਿਸਾਨਾਂ ਨਾਲ ਕੀਤੀ ਮੀਟਿੰਗ ਦੌਰਾਨ 100 ਕਰੋੜ ਰੁਪਏ ਸਰਕਾਰੀ ਮਿੱਲਾਂ ਲਈ ਸਰਕਾਰ ਵੱਲੋਂ ਜਾਰੀ ਕਰਨ ਤੇ ਪੰਜਾਬ ਸਰਕਾਰ ਵਲੋਂ ਰਜਿਸਟਰੀ ਰੁਕਵਾਉਣ ਲਈ ਡੀ.ਸੀ. ਫਤਿਹਾਬਾਦ ਨੂੰ ਕੱਢੀ ਚਿੱਠੀ ਵਾਪਸ ਲੈਣ ਤੋਂ ਬਾਅਦ ਅੱਜ ਕਿਸਾਨਾਂ ਨੇ ਸਵੇਰੇ ਮੀਟਿੰਗ ਕੀਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਹਾਈਵੇ ਨੂੰ ਖੋਲ੍ਹ ਦਿੱਤਾ ਤੇ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਟ੍ਰੈਫ਼ਿਕ ਨੂੰ ਸਰਵਿਸ ਲੇਨ ਰਾਹੀਂ ਲੰਘਣ ਲਈ ਖੋਲ੍ਹ ਦਿੱਤਾ ਹੈ ਤੇ ਸ਼ਹਿਰ ਦੀਆਂ ਸਾਰੀਆਂ ਸਰਵਿਸ ਰੋਡਾਂ ਨੂੰ ਖੋਲ੍ਹ ਦਿੱਤਾ ਤਾਂ ਜੋ ਲੋਕਾਂ ਨੂੰ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।