ਜਸਬੀਰ ਸਿੰਘ ਚਾਨਾ
ਫਗਵਾੜਾ, 24 ਅਗਸਤ
ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਫਗਵਾੜਾ ਵਿੱਚ ਕੀਤਾ ਜਾਣ ਵਾਲਾ ਵਿਸ਼ਾਲ ਇਕੱਠ ਦਾ ਪ੍ਰੋਗਰਾਮ ਸਰਕਾਰ ਦੇ ਭਰੋਸੇ ਮਗਰੋਂ ਅੱਗੇ ਪਾ ਦਿੱਤਾ ਗਿਆ ਹੈ। ਇਹ ਜਾਣਕਾਰੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦਿੱਤੀ। ਉਧਰ ਫਗਵਾੜਾ ਵਿੱਚ ਸ਼ੂਗਰ ਮਿੱਲ ਚੌਕ ’ਚ ਸ਼ੁਰੂ ਕੀਤਾ ਗਿਆ ਧਰਨਾ 17ਵੇਂ ਦਿਨ ਵੀ ਜਾਰੀ ਰਿਹਾ। ਅੱਜ ਆਦਮਪੁਰ ਸਰਕਲ ਦੇ ਕਿਸਾਨਾਂ ਨੇ ਪੁੱਜ ਕੇ ਮੋਰਚੇ ’ਚ ਆਪਣੀ ਡਿਊਟੀ ਨਿਭਾਈ ਤੇ ਸਟੇਜ ਤੋਂ ਕਿਸਾਨਾਂ ਵਲੋਂ ਸਰਕਾਰ ਤੇ ਮਿੱਲ ਮਾਲਕਾ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਡਰੋਲੀ, ਅਮਰਜੀਤ ਸਿੰਘ ਬੈਂਸ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ ਮੋਹਾਲੀਪੁਰ, ਜਗਤਾਰ ਸਿੰਘ, ਮਨਦੀਪ ਸਿੰਘ ਡਰੋਲੀ, ਮਨਜੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਦਿ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਸ਼ੁਰੂ ਕੀਤਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਅੱਜ ਕਿਸਾਨਾਂ ਨੂੰ ਸੜਕਾਂ ’ਤੇ ਰੁਲਦਿਆਂ ਨੂੰ 17 ਦਿਨ ਹੋ ਚੱਲੇ ਹਨ ਪਰ ਅਜੇ ਤੱਕ ਉਨ੍ਹਾਂ ਦਾ ਮਾਮਲਾ ਹੱਲ ਨਹੀਂ ਹੋਇਆ। ਕਿਸਾਨ ਆਗੂ ਮਨਜੀਤ ਰਾਏ ਨੇ ਦੱਸਿਆ ਕਿ 25 ਅਗਸਤ ਨੂੰ ਫਗਵਾੜਾ ਵਿੱਚ ਜੋ ਕਿਸਾਨਾਂ ਵਲੋਂ ਵਿਸ਼ਾਲ ਇਕੱਠ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਫ਼ਿਲਹਾਲ ਅੱਗੇ ਪਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਹਰਿਆਣੇ ਵਾਲੇ ਮਿੱਲ ਦੇ ਪੈਸੇ ਜੋ ਕਿ 30 ਅਗਸਤ ਤੱਕ ਉਨ੍ਹਾਂ ਦੇ ਖਾਤਿਆਂ ’ਚ ਪਾਏ ਜਾਣਗੇ। ਇਸ ਲਈ ਅੱਜ ਉਨ੍ਹਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੱਲ੍ਹ 12 ਵਜੇ ਗੁਰਦੁਆਰਾ ਸ੍ਰੀ ਸੂਖਚੈਨਆਣਾ ਸਾਹਿਬ ਵਿੱਚ ਰੱਖੀ ਗਈ ਹੈ, ਜਿਸ ਵਿੱਚ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਧਰਨੇ ਦੌਰਾਨ ਅੱਜ ਸਟੇਜ ਤੇ ਢਾਡੀ ਵਾਰਾਂ ਗਾਈਆਂ ਗਈਆਂ।