ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਸਤੰਬਰ
ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੇ ਸ਼ਹੀਦਾਂ ਦੀ ਸ਼ਹਾਦਤ ਦੀ 125ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਘੀ ਰਾਤ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪੰਜਾਬ ਆਰਟ ਥੀਏਟਰ ਦਾ ਮਹਾਂਨਾਟਕ ਜੰਗ-ਏ-ਸਾਰਾਗੜ੍ਹੀ ਕਰਵਾਇਆ ਗਿਆ।
ਜ਼ਿਲ੍ਹੇ ਦੇ ਲੋਕਾਂ ਨੂੰ ਸਾਰਾਗੜ੍ਹੀ ਦੇ ਸੂਰਬੀਰਾਂ ਦੀ ਲਾਮਿਸਾਲ ਦਲੇਰੀ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਦੌਰਾਨ ਪੰਜਾਬ ਆਰਟ ਥੀਏਟਰ ਦੀ ਟੀਮ ਵੱਲੋਂ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਹਰਬਕਸ਼ ਸਿੰਘ ਲਾਟਾ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ਜੰਗ-ਏ-ਸਾਰਾਗੜ੍ਹੀ ਦੌਰਾਨ 21 ਸਿੱਖ ਫੌਜੀਆਂ ਅਤੇ ਇੱਕ ਸਹਾਇਕ ਵੱਲੋਂ ਦਸ ਹਜ਼ਾਰ ਤੋਂ ਵੱਧ ਅਫਗਾਨੀ ਪਸ਼ਤੂਨਾਂ ਦਾ 12 ਸਤੰਬਰ 1897 ਨੂੰ ਛੇ ਘੰਟੇ ਡਟਵਾਂ ਟਾਕਰਾ ਕਰਨ ਦੀ ਲੜੀਵਾਰ ਗਾਥਾ ਨੂੰ ਬਾਖੂਬੀ ਬਿਆਨ ਕੀਤਾ ਗਿਆ। ਮਹਾਂਨਾਟਕ ਦੀ ਸਮਾਪਤੀ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਸਰਦਾਰ ਰਾਮ ਸਿੰਘ ਦੇ ਪਰਿਵਾਰਕ ਮੈਂਬਰ ਰਾਜਵਿੰਦਰ ਕੌਰ ਦਾ ਸ਼ਾਲ ਭੇਟ ਕਰ ਕੇ ਸਨਮਾਨ ਕੀਤਾ ਗਿਆ। ਜਲੰਧਰ ਦੇ ਪਿੰਡ ਕਦੋਲਾ ਵਿੱਚ ਜਨਮੇ ਸਰਦਾਰ ਰਾਮ ਸਿੰਘ ਸਾਰਾਗੜ੍ਹੀ ਦੀ ਜੰਗ ਵੇਲੇ 36 ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜੋ ਪਠਾਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ। ਪਾਵਰਕੌਮ ਦੇ ਸਾਬਕਾ ਕਾਰਜਕਾਰੀ ਇੰਜਨੀਅਰ ਕਰਮਜੀਤ ਸਿੰਘ ਨੂਰ ਨੇ ਸਾਰਾਗੜ੍ਹੀ ਜੰਗ ’ਤੇ ਨਜ਼ਮ ਪੇਸ਼ ਕੀਤੀ।