ਆਦਮਪੁਰ ਦੋਆਬਾ (ਜਲੰਧਰ): ਨਹਿਰੂ ਯੁਵਾ ਕੇਂਦਰ, ਜਲੰਧਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਯੁਵਾ ਉਤਸਵ-2022 ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਵਿੱਚ ਦੇਸ਼ ਪਿਆਰ ਦੀ ਭਾਵਨਾ ਨੂੰ ਹੋਰ ਦ੍ਰਿੜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਮੁਲਕ ਦੇ ਵਿਕਾਸ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਪ੍ਰੇਰਿਤ ਵੀ ਕਰਦੇ ਹਨ। ਪ੍ਰੋਗਰਾਮ ਦਾ ਸ਼ੁਭ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਭਾਸ਼ਣ ਮੁਕਾਬਲੇ ਵਿੱਚ ਏਕਤਾ ਨੇ ਪਹਿਲਾ, ਪ੍ਰਗਤੀ ਨੇ ਦੂਜਾ ਅਤੇ ਸਾਕਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੇਂਟਿੰਗ ਮੁਕਾਬਲੇ ਵਿੱਚ ਸਾਹਿਲ ਪਹਿਲੇ, ਪ੍ਰਭਜੋਤ ਦੂਜੇ ਅਤੇ ਤਰਲੀਨ ਤੀਜੇ ਸਥਾਨ ’ਤੇ ਰਹੇ, ਜਦੋਂਕਿ ਕਵਿਤਾ ਮੁਕਾਬਲੇ ਵਿੱਚ ਗੌਰਵ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪਾਰੂਲ ਤੇ ਲਵਪ੍ਰੀਤ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਫੋਟੋਗ੍ਰਾਫੀ ਵਿੱਚ ਗੁਰਸ਼ਰਨਜੀਤ ਸਿੰਘ ਨੇ ਪਹਿਲਾ, ਖੁਸ਼ੀ ਨੇ ਦੂਜਾ ਅਤੇ ਕੁਨਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਭਿਆਚਾਰਕ ਸਮਾਗਮ ਵਿੱਚ ਭੰਗੜਾ ਪਹਿਲੇ, ਪੰਜਾਬੀ ਆਰਕੈਸਟਰਾ ਦੂਜੇ ਅਤੇ ਗਿੱਧਾ ਤੀਜੇ ਸਥਾਨ ’ਤੇ ਰਿਹਾਾ। ਯੁਵਾ ਸੰਵਾਦ ਦੇ ਚਾਰ ਬਿਹਤਰੀਨ ਬੁਲਾਰਿਆਂ ਸਾਕਸ਼ੀ, ਏਕਤਾ, ਸੋਜ਼ ਤੇ ਪ੍ਰਗਤੀ ਨੂੰ 1500-1500 ਰੁਪਏ ਦੇ ਨਕਦ ਇਨਾਮ ਦਿੱਤੇ ਗਏ। -ਪੱਤਰ ਪ੍ਰੇਰਕ