ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਮਈ
ਸਾਕਾ ਨੀਲਾ ਤਾਰਾ ਦੇ ਸਬੰਧ ਵਿਚ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ। ਜਨਤਕ ਥਾਵਾਂ ’ਤੇ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਲੰਧਰ ਦੇ ਬੱਸ ਅੱਡੇ ’ਚ ਸ਼ੁਰੂ ਕੀਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਅੱਡੇ ਦੇ ਚੱਪੇ-ਚੱਪੇ ਨੂੰ ਛਾਣ ਮਾਰਿਆ। ਹੋਰ ਜਨਤਕ ਥਾਵਾਂ ’ਤੇ ਵੀ ਜਾਂਚ ਕੀਤੀ ਗਈ। ਬੱਸ ਅੱਡੇ ਅੰਦਰ ਬਣੇ ਸਾਈਕਲ ਸਟੈਂਡ ਸਮੇਤ ਸਵਾਰੀਆਂ ਦੇ ਬੈਠਣ ਲਈ ਬਣਾਏ ਗਏ ਬੈਂਚਾਂ ਅਤੇ ਅੱਡੇ ਅੰਦਰਲੀਆਂ ਦੁਕਾਨਾਂ ਦੀ ਵੀ ਉਚੇਚੇ ਤੌਰ ’ਤੇ ਚੈਕਿੰਗ ਕੀਤੀ ਗਈ। ਭੀੜ-ਭੜੱਕੇ ਵਾਲੇ ਬਜ਼ਾਰਾਂ ਵਿਚ ਵੀ ਫਲੈਗ ਮਾਰਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਮੌਕੇ ਸੁਰੱਖਿਆ ਇੰਤਜ਼ਾਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ 10 ਕੇਂਦਰੀ ਸੁਰੱਖਿਆ ਕੰਪਨੀਆਂ ਮੰਗਵਾਈਆਂ ਗਈਆਂ ਹਨ। ਇਹ ਕੰਪਨੀਆਂ ਪੰਜਾਬ ਪੁਲੀਸ ਦੇ ਜਵਾਨਾਂ ਨਾਲ ਤਾਇਨਾਤ ਕੀਤੀਆਂ ਗਈਆਂ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਅਤੇ ਡੀਸੀਪੀ (ਜਾਂਚ) ਜਸਕਿਰਨਜੀਤ ਸਿੰਘ ਤੇਜਾ ਦੀਆਂ ਹਦਾਇਤਾਂ ’ਤੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਫਲੈਗ ਮਾਰਚ ਵੀ ਕੀਤਾ ਗਿਆ। ਸ਼ਹਿਰ ਵਿਚ ਦਾਖਲ ਹੋਣ ਵਾਲੀਆਂ ਸੜਕਾਂ ’ਤੇ ਨਾਕੇ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਏਡੀਸੀਪੀ (ਜਾਂਚ) ਗੁਰਬਾਜ ਸਿੰਘ ਅਤੇ ਏਸੀਪੀ (ਸਕਿਉਰਟੀ) ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਬਾਰਾਂਦਰੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਰੁਪਿੰਦਰ ਸਿੰਘ ਨੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਚੈਕਿੰਗ ਕੀਤੀ।