ਪੱਤਰ ਪ੍ਰੇਰਕ
ਫਗਵਾੜਾ, 7 ਅਕਤੂਬਰ
ਨਗਰ ਨਿਗਮ ਦੀ ਹਦੂਦ ਅੰਦਰ ਅਣ-ਅਧਿਕਾਰਤ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਨੂੰ ਪੀਐਮਸੀ ਐਕਟ 1976 ਦੀ ਧਾਰਾ 123 ਅਧੀਨ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਅੱਜ ਦੱਸਿਆ ਕਿ ਕਈ ਪ੍ਰਾਪਰਟੀ ਮਾਲਕਾਂ/ ਫਰਮਾਂ ਵੱਲੋਂ ਆਪਣੀਆਂ ਦੁਕਾਨਾਂ/ ਪ੍ਰਾਪਰਟੀਆਂ ਤੇ ਪੰਜਾਬ ਐਡਵਰਟਾਈਜ਼ਮੈਂਟ ਬਾਈਲਾਜ਼ 2018 ਦੇ ਵਿਰੁੱਧ ਬੋਰਡ/ ਫਲੈਕਸ ਲਗਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਸਿਰਫ਼ ਆਪਣੀ ਦੁਕਾਨ ਜਾਂ ਟਰੇਡ ਸਬੰਧੀ ਬੋਰਡ ਇੱਕ ਨਿਰਧਾਰਤ ਆਕਾਰ ਦੇ ਹਿਸਾਬ ਨਾਲ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕਈ ਪ੍ਰਾਪਰਟੀ ਮਾਲਕਾਂ/ਫਰਮਾਂ ਵੱਲੋਂ ਆਪਣੀਆਂ ਬਿਲਡਿੰਗਾਂ ਦੇ ਉੱਪਰ ਰੂਫ ਟਾਪ ਬੋਰਡ ਲਗਾਏ ਹਨ, ਜੋ ਕਿ ਨਹੀਂ ਲਗਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਨਿਗਮ ਦੀ ਇਸ਼ਤਿਹਾਰਬਾਜ਼ੀ ਸ਼ਾਖਾ ਵੱਲੋਂ ਅਜਿਹੇ ਪ੍ਰਾਪਰਟੀ ਮਾਲਕਾਂ ਨੂੰ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਇਸ਼ਤਿਹਾਰਬਾਜ਼ੀ ਨਾ ਕੀਤੀ ਜਾਵੇ। ਇਸ਼ਤਿਹਾਰਬਾਜੀ ਸ਼ਾਖਾ ਦੇ ਸੁਪਰਡੈਂਟ ਅਮਿਤ ਕਾਲੀਆ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਪਰਟੀ ਮਾਲਕਾਂ/ਫਰਮਾਂ ਨੂੰ ਨੋਟਿਸ ਜਾਰੀ ਕੀਤੇ ਹਨ, ਕੁਝ ਵੱਲੋਂ ਆਪਣੇ ਅਣ-ਅਧਿਕਾਰਤ ਬੋਰਡ ਉਤਾਰ ਕੇ ਉਸ ਦਾ ਜੁਰਮਾਨਾ ਨਗਰ ਨਿਗਮ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਅਣ-ਅਧਿਕਾਰਤ ਬੋਰਡ ਉਤਾਰ ਕੇ ਜੁਰਮਾਨਾ ਨਹੀਂ ਦਿੱਤਾ ਜਾਵੇਗਾ, ਉਨ੍ਹਾਂ ਵਿਰੁੱਧ ਕੋਰਟ ਕੇਸ ਦਾਇਰ ਕਰਨ ਹਿੱਤ ਜਾਰੀ ਕੀਤੇ ਨੋਟਿਸ ਨੂੰ ਅਦਾਲਤ ਵਿੱਚ ਭੇਜਿਆ ਜਾਵੇਗਾ।