ਪੱਤਰ ਪ੍ਰੇਰਕ
ਸ਼ਾਹਕੋਟ, 10 ਅਗਸਤ
ਰੇਹੜੀ ਵਰਕਰਜ਼ ਯੂਨੀਅਨ ਨਕੋਦਰ ਨੇ ਨਗਰ ਕੌਂਸਲ ਨਕੋਦਰ ਦੇ ਖ਼ਿਲਾਫ਼ ਮੁਜ਼ਾਹਰਾ ਕਰਕੇ ਐੱਸਡੀਐੱਮ ਨਕੋਦਰ ਦੇ ਨਾਮ ਤਹਿਸੀਲਦਾਰ ਹਰਵਿੰਦਰ ਸਿੰਘ ਹੁੰਦਲ ਨੂੰ ਮੰਗ ਪੱਤਰ ਦੇ ਕੇ ਰੇਹੜੀ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਦੀ ਮੰਗ ਕੀਤੀ। ਵੱਡੀ ਗਿਣਤੀ ਵਿਚ ਰੇਹੜੀ ਮਜ਼ਦੂਰ ਗਗਨ-ਸੁਰਜੀਤ ਪਾਰਕ ਵਿਚ ਇਕੱਠੇ ਹੋਣ ਤੋਂ ਉਪਰੰਤ ਕਸਬੇ ਵਿਚ ਮੁਜ਼ਾਹਰਾ ਕਰਦੇ ਹੋਏ ਐੱਸ.ਡੀ.ਐੱਮ ਦਫ਼ਤਰ ਪੁੱਜੇ। ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ, ਇਸਲਾਮ, ਧਰਮਿੰਦਰ, ਸ਼ੁਸ਼ੀਲ, ਰੱਬਾਨੀ, ਅਕਰਮ, ਇਰਸਾਕ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਜਸਕਰਨ ਆਜ਼ਾਦ ਤੇ ਵਿੱਕੀ ਪੰਡੋਰੀ, ਸੋਨੂੰ ਮੁਹੰਮਦ ਆਲਮ, ਤਾਰਿਕ ਅਨਵਰ, ਰਿਜ਼ਵਾਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਨਕੋਦਰ ਦੇ ਪ੍ਰਧਾਨ ਵਿਜੈ ਬਾਠ ਅਤੇ ਮੁਹੰਮਦ ਖਾਲਿਦ ਖਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਲਈ ਮਜਬੂਰ ਹੋਣਗੇ। ਤਹਿਸੀਦਾਰ ਨੇ ਮੰਗ ਪੱਤਰ ਲੈਣ ਉਪਰੰਤ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।