ਪੱਤਰ ਪ੍ਰੇਰਕ
ਭੁਲੱਥ, 5 ਜੂਨ
ਪਿੰਡ ਹਬੀਬਵਾਲ ਵਿਚ ਬੀਤੀ ਰਾਤ ਅਣਪਛਾਤੇ ਕਾਰ ਸਵਾਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਪਿੰਡ ਵਾਸੀ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਨਜ਼ਦੀਕੀ ਰਿਸ਼ਤੇਦਾਰ ਸਰਬਜੀਤ ਸਿੰਘ ਆਪਣੇ ਕੰਮ ਤੋਂ ਬਾਅਦ ਨਡਾਲਾ ਤੋਂ ਪਿੰਡ ਹਬੀਬਵਾਲ ਪਹੁੰਚੇ। ਇਸ ਦੌਰਾਨ ਕਰੀਬ 5 ਮਿੰਟ ਬਾਅਦ ਆਏ ਕਾਰ ਸਵਾਰਾਂ ਨੇ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਹਮਲਾਵਰਾਂ ਨੇ ਹੇਠਾਂ ਉੱਤਰ ਕੇ ਕਾਰ ਦੀ ਭੰਨਤੋੜ ਵੀ ਕੀਤੀ ਤੇ ਲਲਕਾਰੇ ਮਾਰਦੇ ਹੋਏ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਬੇਗੋਵਾਲ ਪੁਲੀਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।