ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਪਰੈਲ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਵਲ ਲਾਈਨ ਜਲੰਧਰ ਵਿਖੇ ਸਥਿਤ ਇੱਕ ਕਮਰਸ਼ੀਅਲ ਬਿਲਡਿੰਗ ਦੀ ਸੇਲ ਡੀਡ ਵਿੱਚ ਅਸ਼ਟਾਮ ਡਿਊਟੀ ਦੀ ਰਿਕਵਰੀ ਦੇ ਹੁਕਮ ਦਿੱਤੇ ਹਨ। ਇਹ ਹੁਕਮ ਉਨ੍ਹਾਂ ਵਿਧਾਇਕ ਰਮਨ ਅਰੋੜਾ ਨਾਲ ਮੀਟਿੰਗ ਦੌਰਾਨ ਉਨ੍ਹਾਂ (ਵਿਧਾਇਕ) ਵੱਲੋਂ ਸਟੈਂਪ ਡਿਊਟੀ ਘੱਟ ਭਰੇ ਜਾਣ ਦੇ ਮਾਮਲੇ ਦਾ ਖੁਲਾਸਾ ਕੀਤੇ ਜਾਣ ਉਪਰੰਤ ਦਿੱਤੇੇ। ਵਿਧਾਇਕ ਤੋਂ ਮਿਲੀ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਕਿਹਾ, ਜਿਸ ਤੋਂ ਬਾਅਦ ਸਬ ਰਜਿਸਟਰਾਰ ਨੇ ਭਾਰਤੀ ਸਟੈਂਪ ਐਕਟ ਦੀ ਧਾਰਾ 47ਏ ਤਹਿਤ ਮਾਮਲੇ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਨੂੰ ਭੇਜ ਦਿੱਤਾ ਹੈ। ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਵਪਾਰਕ ਜਾਇਦਾਦ (ਓਲਡ ਫਰੈਂਡਜ਼ ਥੀਏਟਰ ਕੰਪਲੈਕਸ) ਦੀ ਸੇਲ ਡੀਡ 19 ਜਨਵਰੀ 2022 ਨੂੰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੇਲ ਡੀਡ 44 ਮਰਲੇ ਦੀ ਵਪਾਰਕ ਜਾਇਦਾਦ ਨੂੰ ਰਿਹਾਇਸ਼ੀ ਦਿਖਾ ਕੇ ਕੀਤੀ ਗਈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਮਾਲੀਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਵਪਾਰਕ ਜਾਂ ਰਿਹਾਇਸ਼ੀ ਕੁਲੈਕਟਰ ਦਰਾਂ ਇਥੇ ਵੱਖਰੀਆਂ ਹਨ। ਰਮਨ ਅਰੋੜਾ ਨੇ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਉਣ ਲਈ ਅੱਜ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਬਣਦੀ ਕਾਰਵਾਈ ਕਰਨ ਲਈ ਕਿਹਾ।