ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਮਈ
ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਨਮਾਨ ਸਮਾਗਮ ਸਥਾਨਕ ਹੋਟਲ ਪ੍ਰੈਜ਼ੀਡੈਂਸੀ ਵਿੱਚ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਸੰਧਵਾਂ ਨੂੰ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ ਭੇਟ ਕੀਤਾ ਗਿਆ। ਸੰਗਠਨ ਵੱਲੋਂ ਸ੍ਰੀ ਸੰਧਵਾਂ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ 300 ਸਾਲਾ ਜਨਮ ਸ਼ਤਾਬਦੀ ਸਮਾਗਮ ਸਰਕਾਰੀ ਤੌਰ ’ਤੇ ਸਮੁੱਚੇ ਸੂਬੇ ਵਿੱਚ ਮਨਾਇਆ ਜਾਵੇ, ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਬਰਨਾਲਾ ਵਿੱਚ ਰਾਜ ਪੱਧਰੀ ਸਮਾਗਮ ਕਰਵਾਏ ਜਾਣ ਅਤੇ 25 ਬਿਸਤਰਿਆਂ ਦਾ ਹਸਪਤਾਲ ਵੀ ਮਹਾਰਾਜਾ ਦੀ ਯਾਦ ਵਿਚ ਪਿੰਡ ਸਿੰਘਪੁਰ ਬਰਨਾਲਾ ਵਿੱਚ ਖੋਲ੍ਹਿਆ ਜਾਵੇ। ਸ੍ਰੀ ਸੰਧਵਾਂ ਨੇ ਭਰੋਸਾ ਦਿੱਤਾ ਕਿ ਮੰਗਾਂ ਸਬੰਧੀ ਉਹ ਮੁੱਖ ਮੰਤਰੀ ਨਾਲ ਵਿਚਾਰ ਕਰਨਗੇ।