ਪਾਲ ਸਿੰਘ ਨੌਲੀ
ਜਲੰਧਰ, 9 ਸਤੰਬਰ
ਦੁਬਈ ਦੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਨੇ ਦੁਬਈ ’ਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਜੈਨਪੁਰ ਦੇ ਸੋਹਨ ਲਾਲ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਮੌਤ ਦੇ ਮੂੰਹ ’ਚੋਂ ਬਚਾਇਆ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਦੁਬਈ ਵਿੱਚ 9 ਜੂਨ 2016 ਨੂੰ ਹੋਏ ਇੱਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਦੌਲਤਪੁਰ ਨਾਲ ਸਬੰਧਤ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਮਗਰੋਂ ਦੁਬਈ ਪੁਲੀਸ ਨੇ ਇਸ ਕੇਸ ’ਚ ਸੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ’ਚ ਕੇਸ ਚੱਲਣ ਦੌਰਾਨ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।
ਡਾ. ਓਬਰਾਏ ਨੇ ਦੱਸਿਆ ਕਿ ਜਦੋਂ ਇਸ ਕੇਸ ਦੇ ਹੱਲ ਸਬੰਧੀ ਰਿਟਾਇਰਡ ਆਈਪੀਐੱਸ ਸੱਜਣ ਸਿੰਘ ਚੀਮਾ ਨੇ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਰਾਜ਼ੀ ਕਰਨ ਮਗਰੋਂ ਪਰਿਵਾਰ ਕੋਲੋਂ ਸਹਿਮਤੀ ਲੈ ਕੇ ਮੌਤ ਦੀ ਸਜ਼ਾਯਾਫ਼ਤਾ ਸੋਹਨ ਲਾਲ ਪੁੱਤਰ ਕਰਮ ਚੰਦ ਦਾ ਕੋਰਟ ਕੇਸ ਲੜਿਆ। ਪੀੜਤ ਪਰਿਵਾਰ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਸ ਦੀ ਫਾਂਸੀ ਮੁਆਫ ਕਰਵਾਉਣ ਮਗਰੋਂ ਅੱਜ 5 ਸਾਲ 2 ਮਹੀਨਿਆਂ ਬਾਅਦ ਜੇਲ੍ਹ ਦੀ ਕੋਠੜੀ ’ਚੋਂ ਕੱਢ ਕੇ ਉਸ ਨੂੰ ਪਰਿਵਾਰ ’ਚ ਲਿਆਂਦਾ। ਡਾ. ਓਬਰਾਏ ਵੱਲੋਂ ਹੁਣ ਤੱਕ ਅਰਬ ਜੇਲ੍ਹਾਂ ਤੋਂ 117 ਨੌਜਵਾਨਾਂ ਨੂੰ ਫਾਂਸੀ ਜਾਂ ਉਮਰ ਕੈਦ ਤੋਂ ਬਚਾਇਆ ਜਾ ਚੁੱਕਾ ਹੈ।