ਪੱਤਰ ਪ੍ਰੇਰਕ
ਫਗਵਾੜਾ, 7 ਅਕਤੂਬਰ
ਇਥੋਂ ਦੇ ਮੁਹੱਲਾ ਉਂਕਾਰ ਨਗਰ ਵਿੱਚ ਦਸਹਿਰੇ ਮੌਕੇ ਰਾਸ਼ਟਰੀ ਯੁਵਾ ਹਿੰਦੂ ਸੰਗਠਨ ਦੇ ਕਾਰਕੁਨਾ ਨੂੰ ਦਸਹਿਰੇ ਮੌਕੇ ਪੁਤਲਿਆਂ ਨੂੰ ਸਾੜਨ ਤੋਂ ਰੋਕਣ ਦੇ ਮਾਮਲੇ ਸਬੰਧੀ ਵਫ਼ਦ ਅੱਜ ਐੱਸਪੀ ਮੁਖਤਿਆਰ ਰਾਏ ਨੂੰ ਮਿਲਿਆ। ਵਫ਼ਦ ਨੇ ਇਸ ਮਾਮਲੇ ’ਚ ਰੁਕਾਵਟਾਂ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਆਗੂ ਸੁਰਿੰਦਰ ਮਿੱਤਲ, ਚੰਦਨ, ਸੰਦੀਪ, ਮਿਤੇਸ਼, ਮੋਨੂੰ ਸਰਵੱਟਾ, ਸੰਨੀ ਆਦਿ ਆਗੂਆਂ ਨੇ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਇਥੋਂ ਦੇ ਸਿਆਸੀ ਆਗੂਆਂ ਨੇ ਆਪਣੀ ਸਿਆਸਤ ਹੇਠ ਕੁੱਝ ਹੋਰ ਲੋਕਾਂ ਨੂੰ ਅੱਗੇ ਕਰ ਕੇ ਉਨ੍ਹਾਂ ਉਨ੍ਹਾਂ ਨੂੰ ਪ੍ਰਸ਼ਾਸਨ ਦੀ ਮਨਜ਼ੂਰੀ ਦਿਵਾ ਦਿੱਤੀ, ਜਦਕਿ ਉਨ੍ਹਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਤੇ ਪੁਲੀਸ ਨੇ ਘੇਰਾ ਲੱਗਾ ਕੇ ਕਾਬੂ ਕਰਕੇ ਰੱਖਿਆ, ਜਿਸ ਕਾਰਨ ਉਨ੍ਹਾਂ ’ਚ ਕਾਫੀ ਰੋਸ ਹੈ। ਆਗੂਆਂ ਨੇ ਕਿਹਾ ਕਿ ਜੇ ਕਾਰਵਾਈ ਨਾ ਕੀਤੀ ਗਈ ਤਾਂ ਅਗਲੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਆਗੂ ਸ਼ਾਮਲ ਸਨ।