ਭਗਵਾਨ ਦਾਸ ਸੰਦਲ
ਦਸੂਹਾ, 10 ਫਰਵਰੀ
ਇੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਭਾਜਪਾ ਉਮੀਦਵਾਰ ਰਘੂਨਾਥ ਸਿੰਘ ਰਾਣਾ ਦੇ ਹੱਕ ਵਿੱਚ ਘਰ-ਘਰ ਚੋਣ ਪ੍ਰਚਾਰ ਮੌਕੇ ਵੋਟਰਾਂ ਨੂੰ ਪਾਰਟੀ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਥਾਨਕ ਤਲਾਬ ਰੋਡ, ਮਾਤਾ ਰਾਣੀ ਚੌਕ, ਲਾਇਬ੍ਰੇਰੀ ਚੌਕ, ਪੁਰਾਣੀ ਸਬਜ਼ੀ ਮੰਡੀ, ਮਿਸ਼ਨ ਰੋਡ ਤੇ ਮਿਆਣੀ ਰੋਡ ’ਤੇ ਚੋਣ ਪ੍ਰਚਾਰ ਕੀਤਾ। ਇ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਕੰਮਾਂ ’ਤੇ ਮੋਹਰ ਲਗਾਉਣ ਲਈ ਵੋਟਰਾਂ ਨੂੰ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲੋਈ ਸੂਝਵਾਨ ਵੋਟਰ ਮੋਦੀ ਸਰਕਾਰ ਵੱਲੋਂ ਦਿੱਤੇ ਨਾਅਰੇ ‘ਸਬ ਕਾ ਸਾਥ ਸਬ ਕਾ ਵਿਕਾਸ’ ਨੂੰ ਆਧਾਰ ਬਣਾ ਕੇ ਭਾਜਪਾ ਦੇ ਹੱਥ ਸੱਤਾ ਸੌਂਪਣ।
ਭਾਜਪਾ ਹੀ ਕਰਵਾ ਸਕਦੀ ਹੈ ਬੰਦੀ ਸਿੱਖਾਂ ਦੀ ਰਿਹਾਈ: ਲਾਲ ਸਿੰਘ
ਫਗਵਾੜਾ: ਪਿੰਡ ਅਕਾਲਗੜ੍ਹ ਵਿੱਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਪਿਛਲੇ ਸਾਲ ਰਿਹਾਅ ਹੋਏ ਪਿੰਡ ਦੇ ਇੱਕ ਸਿੱਖ ਲਾਲ ਸਿੰਘ ਨੇ ਵੀ ਸੰਬੋਧਨ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਕੀਤੇ ਐਲਾਨ ਤਹਿਤ ਉਹ 2021 ’ਚ ਰਿਹਾਅ ਹੋਇਆ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ, ਜਿਸ ਲਈ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਬੀਤੇ ਦਿਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੁਲਾਕਾਤ ਕੀਤੀ ਸੀ ਤੇ ਉਮੀਦ ਹੈ ਕਿ ਜਲਦੀ ਰਹਿੰਦੇ ਸਿੱਖਾਂ ਦੀ ਰਿਹਾਈ ਵੀ ਹੋਵੇਗੀ। ਵਿਜੈ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੇਸ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ ਤੇ ਜਲਦੀ ਹੀ ਇਸ ਸਬੰਧੀ ਚੰਗੇ ਨਤੀਜੇ ਸਾਹਮਣੇ ਆਉਣਗੇ। -ਪੱਤਰ ਪ੍ਰੇਰਕ
ਮਾਹੀ ਗਿੱਲ ਨੇ ਸਾਂਪਲਾ ਦੇ ਹੱਕ ’ਚ ਕੱਢਿਆ ਰੋਡ ਸ਼ੋਅ
ਫਗਵਾੜਾ (ਜਸਬੀਰ ਸਿੰਘ ਚਾਨਾ): ਭਾਜਪਾ ਦੇ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਅੱਜ ਚੋਣ ਪ੍ਰਚਾਰ ਕਰਨ ਲਈ ਅਦਾਕਾਰਾ ਮਾਹੀ ਗਿੱਲ ਅੱਜ ਵਿਸ਼ੇਸ਼ ਤੌਰ ’ਤੇ ਪੁੱਜੇ ਤੇ ਉਨ੍ਹਾਂ ਔਰਤਾਂ ਦੇ ਕਾਫ਼ਲੇ ਨਾਲ ਬੰਗਾ ਰੋਡ ਪਾਰਕਿੰਗ ਤੋਂ ਰੋਡ ਮਾਰਚ ਕੱਢਿਆ ਜੋ ਬਾਂਸਾ ਬਾਜ਼ਾਰ, ਗਊਸ਼ਾਲਾ ਰੋਡ, ਨਾਈਆ ਚੌਕ, ਝੱਟਕਈਆ ਚੌਕ ਤੇ ਹਰਿਗੋਬਿੰਦ ਨਗਰ ਹੁੰਦਾ ਹੋਇਆ ਵਾਪਸ ਪੁੱਜਾ। ਮਾਹੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਜਪਾ ’ਚ ਸਮਾਜ ਦੇ ਕੁੱਝ ਸੁਧਾਰ ਦੇ ਮੁੱਦਿਆਂ ਨੂੰ ਲੈ ਕੇ ਸ਼ਾਮਲ ਹੋਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖ਼ਸੀਅਤ ਤੋਂ ਵੀ ਕਾਫ਼ੀ ਪ੍ਰਭਾਵਿਤ ਹੈ। ਉਨ੍ਹਾਂ ਦੱਸਿਆ ਕਿ ਉਹ ਦੋ ਦਿਨਾਂ ਪੰਜਾਬ ਦੌਰੇ ’ਤੇ ਚੋਣ ਪ੍ਰਚਾਰ ਲਈ ਨਿਕਲੀ ਹੈ ਤੇ ਵੱਖ ਵੱਖ ਤਰ੍ਹਾਂ ਦੇ ਮੁੱਦੇ ਉਨ੍ਹਾਂ ਦੇ ਧਿਆਨ ’ਚ ਆ ਰਹੇ ਹਨ ਜੋ ਉਹ ਪਾਰਟੀ ਦੀ ਉੱਚ ਲੀਡਰਸ਼ਿਪ ਤੱਕ ਪਹੁੰਚਾਉਣਗੇ ਤੇ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ। ਇਸ ਮੌਕੇ ਭਾਰਤੀ ਸ਼ਰਮਾ, ਮੀਨਾ ਪਰਮਾਰ, ਅੰਜੂ ਖੁਰਾਨਾ, ਨੀਤੂ ਦੁੱਗਲ, ਸਿਲਕੀ ਸਾਂਪਲਾ, ਨੈਨਸੀ ਸਾਂਪਲਾ, ਸੁਦੇਸ਼ ਸਾਂਪਲਾ, ਸੀਮਾ ਰਾਣਾ, ਜੋਤੀ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਭਾਜਪਾ ਮਹਿਲਾਵਾ ਵਰਕਰ ਹਾਜ਼ਰ ਸਨ।
ਵਪਾਰੀਆਂ ਵੱਲੋਂ ਸਾਂਪਲਾ ਨੂੰ ਸਮਰਥਨ ਦੇਣ ਦਾ ਭਰੋਸਾ
ਫਗਵਾੜਾ: ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦਾ ਚਾਚੋਕੀ ਸਥਿੱਤ ਸੁਜ਼ੂਕੀ ਸ਼ੋਅਰੂਮ ਵਿੱਚ ਮਾਲਕ ਰਮੇਸ਼ ਚੱਢਾ ਵੱਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਸ੍ਰੀ ਚੱਢਾ ਨੇ ਕਿਹਾ ਕਿ ਸਾਂਪਲਾ ਹਮੇਸ਼ਾ ਵਿਕਾਸ ਕੰਮਾਂ ਲਈ ਅੱਗੇ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਫਗਵਾੜਾ ਵਾਸੀਆਂ ਨੂੰ ਫਲਾਈਓਵਰ ਦਾ ਬੇਸ਼ਕੀਮਤੀ ਤੋਹਫਾ ਮਿਲਿਆ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਪਹਿਲਾਂ ਫਗਵਾੜਾ ਵਾਸੀ ਹਨ, ਉਸ ਤੋਂ ਬਾਅਦ ਨਿੱਜੀ ਜੀਵਨ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਿਆਂ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਤੋਂ ਬਾਅਦ ਉਹ ਖ਼ਾਲਸਾ ਐੱਨਕਲੇਵ ਪਹੁੰਚੇ, ਜਿੱਥੇ ਉਨ੍ਹਾਂ ਸੂਰਜ ਸ਼ਰਮਾ ਦੇ ਘਰ ’ਤੇ ਬੁਲਾਈ ਮੀਟਿੰਗ ਨੂੰ ਸੰਬੋਧਨ ਕੀਤਾ, ਜਿਸ ’ਚ ਸੂਰਜ ਸ਼ਰਮਾ ਅਤੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਸਮਰਥਨ ਦਿੱਤਾ। -ਪੱਤਰ ਪ੍ਰੇਰਕ