ਹਰਪ੍ਰੀਤ ਕੌਰ
ਹੁਸ਼ਿਆਰਪੁਰ, 27 ਦਸੰਬਰ
ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਪੰਜਾਬ ਵੱਲੋਂ ਲਾਲਾ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੂਬਾ ਪੱਧਰੀ ‘ਫ਼ਤਹਿ ਦਿਵਸ’ ਸਮਾਗਮ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ’ਚ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ, ਪ੍ਰਧਾਨ ਭਗਵੰਤ ਸਿੰਘ ਬੇਦੀ, ਜ਼ਿਲ੍ਹਾ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਵਾਗਤੀ ਕਮੇਟੀ ਦੇ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨ ਵਾਪਿਸ ਲੈਣ ’ਤੇ ਕਿਸਾਨ ਅੰਦੋਲਨ ਨੂੰ ਮਿਲੀ ਸਫ਼ਲਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸੰਵਿਧਾਨ ਰੱਖਣ ਦੇ ਮਾਮਲੇ ’ਚ ਅਕਾਲੀ ਆਗੂਆਂ ਦੀ ਅਪੀਲ ਖਾਰਜ ਹੋਣ ’ਤੇ ਸ਼ੁਕਰਾਨੇ ਵਜੋਂ ਇਹ ਸਮਾਗਮ ਕਰਵਾਇਆ ਗਿਆ। ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ ਜਤਿੰਦਰਜੀਤ ਕੌਰ, ਇਸ਼ਪੁਨੀਤ ਸਿੰਘ ਅਤੇ ਐਡਵੋਕੇਟ ਬੀ.ਐਸ ਰਿਆੜ ਤੇ ਹਿਤੇਸ਼ ਪੁਰੀ ਦਾ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਕਿਸਾਨ ਅੰਦੋਲਨ ’ਚ ਭਾਗ ਲੈਣ ਵਾਲੇ ਕਿਸਾਨ ਆਗੂਆਂ ਤੇ ਫ਼ਿਲਮ ਡਾਇਰੈਕਟਰ ਕੁਲਦੀਪ ਪਰਮਾਰਦਾ ਵੀ ਸਨਮਾਨ ਕੀਤਾ ਗਿਆ। ਆਲ ਇੰਡੀਆ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ 2024 ਵਿੱਚ ਭਾਜਪਾ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਸਮੂਹ ਸਮਾਜਵਾਦੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ।