ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 6 ਸਤੰਬਰ
ਇੱਥੋਂ ਨੇੜਲੇ ਅੱਡਾ ਸਰ੍ਹਾ ਵਿੱਚ ਟਾਂਡਾ-ਹੁਸ਼ਿਆਰਪੁਰ ਸੜਕ ਕੰਢੇ ਰਹਿੰਦੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਜ ਦੁਪਹਿਰੇ ਅੱਗ ਲੱਗ ਗਈ ਜਿਸ ਨਾਲ ਕਈ ਮਜ਼ਦੂਰਾਂ ਦੀਆਂ ਝੁੱਗੀਆਂ ਅਤੇ ਉਨ੍ਹਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਪਰਵਾਸੀ ਮਜ਼ਦੂਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ।
ਅੱਗ ਲੱਗਣ ਨਾਲ ਉੱਤਰ ਪ੍ਰਦੇਸ਼ ਨਾਲ ਸਬੰਧਿਤ ਚਾਰ ਭਰਾਵਾਂ ਸਰਵੇਸ਼, ਮੁਕੇਸ਼, ਵਰਿੰਦਰ ਅਤੇ ਗੋਬਿੰਦ ਅਤੇ ਉਨ੍ਹਾਂ ਦੇ ਜੀਜਾ ਰਾਜ ਕੁਮਾਰ ਦੀਆਂ 5 ਝੁੱਗੀਆਂ ਸੜ ਗਈਆਂ।
ਪਰਵਾਸੀ ਮਜ਼ਦੂਰਾਂ ਅਨੁਸਾਰ ਝੁਗੀਆਂ ਵਿੱਚ ਪਿਆ ਉਨ੍ਹਾਂ ਦਾ ਸਾਰਾ ਸਾਮਾਨ, ਰਾਸ਼ਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ।