ਜਸਬੀਰ ਸਿੰਘ ਚਾਨਾ
ਫਗਵਾੜਾ, 13 ਜੁਲਾਈ
ਇੱਥੇ ਜੀਟੀ ਰੋਡ ’ਤੇ ਇੱਕ ਟਰੈਵਲ ਏਜੰਸੀ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਖੱਜਲ-ਖੁਆਰ ਦੇ ਮਾਮਲੇ ਤੋਂ ਖ਼ਫ਼ਾ ਹੋਏ ਲੋਕਾਂ ਨੇ ਅੱਜ ਤਹਿਸੀਲ ਕੰਪਲੈਕਸ ਨੇੜੇ ਦਿਓਲ ਕੰਪਲੈਕਸ ਵਿੱਚ ਸਥਿਤ ਦਫ਼ਤਰ ਵਿੱਚ ਪੁੱਜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਤੇ ਏਜੰਸੀ ਦੇ ਕਰਿੰਦਿਆਂ ਨੂੰ ਚੁੱਕ ਕੇ ਥਾਣੇ ਲਿਆਂਦਾ।
ਪੀੜਤਾ ਵੀਰਪਾਲ ਕੌਰ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਕੈਨੇਡਾ ਜਾਣ ਲਈ 3 ਲੱਖ 67 ਹਜ਼ਾਰ ਰੁਪਏ, ਜਸਪ੍ਰੀਤ ਕੌਰ ਨਵਾਂਸ਼ਹਿਰ ਨੇ 1 ਲੱਖ 76 ਹਜ਼ਾਰ ਰੁਪਏ, ਸੰਨੀ ਕਪੂਰਥਲਾ ਨੇ 30 ਹਜ਼ਾਰ ਰੁਪਏ, ਕੁਲਵਿੰਦਰ ਕੌਰ ਨਵਾਂਸ਼ਹਿਰ ਨੇ 1 ਲੱਖ 68 ਹਜ਼ਾਰ, ਮਨਦੀਪ ਕੌਰ ਨਵਾਂਸ਼ਹਿਰ ਨੇ 50 ਹਜ਼ਾਰ ਰੁਪਏ ਲਗਭਗ ਦਸੰਬਰ ਮਹੀਨੇ ਦੇ ਦਿੱਤੇ ਹੋਏ ਹਨ। ਟਰੈਵਲ ਏਜੰਸੀ ਵਾਲੇ ਉਨ੍ਹਾਂ ਨੂੰ ਫਾਈਲ ’ਤੇ ਵੱਖ ਵੱਖ ਕਾਰਵਾਈਆਂ ਹੋਣ ਦਾ ਭਰੋਸਾ ਦੇ ਕੇ ਚੱਕਰ ਲਗਵਾ ਰਹੇ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਕਰਿੰਦੇ ਅੱਜ ਦਫ਼ਤਰ ਬੰਦ ਕਰ ਕੇ ਜਾ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਉਨ੍ਹਾਂ ਦਬੋਚ ਲਿਆ ਤੇ ਟ੍ਰੈਵਲ ਏਜੰਸੀ ਦੇ ਦਫ਼ਤਰ ਦਾ ਸ਼ੱਟਰ ਬੰਦ ਕਰ ਦਿੱਤਾ ਤੇ ਪੁਲੀਸ ਮੌਕੇ ’ਤੇ ਬੁਲਾ ਲਈ।
ਇਸ ਦੌਰਾਨ ਥਾਣਾ ਸਿਟੀ ਦੇ ਐੱਸਐੱਚਓ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਚਾਰ ਜਣਿਆਂ ਨੂੰ ਪੈਸੇ ਦੇ ਕੇ ਕੰਪਨੀ ਨੇ ਮਾਮਲਾ ਹੱਲ ਕਰ ਲਿਆ ਹੈ। ਬਾਕੀ ਚਾਰ ਜਣਿਆਂ ਨੂੰ ਹੁਣ ਸ਼ਨਿਚਰਵਾਰ ਤਕ ਪੈਸੇ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਫ਼ਿਲਹਾਲ ਉਨ੍ਹਾਂ ਪਾਸ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਇਸ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਪੀੜਤਾਂ ਨੂੰ ਪੈਸੇ ਨਾ ਮਿਲੇ ਤਾਂ ਸ਼ਿਕਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।