ਪੱਤਰ ਪ੍ਰੇਰਕ
ਟਾਂਡਾ, 9 ਅਗਸਤ
ਇਥੇ ਅੱਜ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਦੀ ਤਹਿਸੀਲ ਪੱਧਰੀ ਮੀਟਿੰਗ ਹੋਈ । ਤਹਿਸੀਲ ਪ੍ਰਧਾਨ ਜੋਗਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਯੂਨੀਅਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬਿਜਲੀ ਬਿੱਲ ਸੋਧ ਬਿੱਲ 2022 ਅਤੇ ਪੰਜਾਬ ਸਰਕਾਰ ਵੱਲੋਂ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੀਟਿੰਗ ਵਿਚ ਹਾਜ਼ਰ ਹੋਏ ਸੂਬਾ ਜਨਰਲ ਸਕੱਤਰ ਦੇਵੀ ਦਾਸ ਮਿਆਣੀ, ਸੂਬਾ ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਨੰਗਲ ਕਲਾਲਾਂ, ਆਡਿਟ ਅਫਸਰ ਪੰਜਾਬ ਹਰਕੀਰਤ ਸਿੰਘ ਅਜਨੋਹਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਪੇਂਡੂ ਚੌਕੀਦਾਰਾਂ ਨੂੰ ਹਰਿਆਣਾ ਦੀ ਤਰਜ਼ ’ਤੇ 7500 ਰੁਪਏ ਮਹੀਨਾ ਮਾਣ ਭੱਤਾ, ਮੌਸਮ ਅਨੁਸਾਰ ਡਿਊਟੀ ਕਰਨ ਲਈ ਸਰਦੀਆਂ ਤੇ ਗਰਮੀਆਂ ਦੀਆਂ ਵਰਦੀਆਂ ,ਜਨਮ ਅਤੇ ਮੌਤ ਦਾ ਰਜਿਸਟ੍ਰੇਸ਼ਨ ਕਰਨ ਦਾ ਅਧਿਕਾਰ, ਪਿੰਡਾਂ ਵਿੱਚ 5-5 ਮਰਲੇ ਦੇ ਪਲਾਟ ਦੇਣ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਪੇਂਡੂ ਚੌਕੀਦਾਰਾਂ ਵੱਲੋਂ ਠੀਕਰੀ ਪਹਿਰਿਆਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇਗਾ।