ਸੁਭਾਸ਼ ਜੋਸ਼ੀ
ਬਲਾਚੌਰ , 10 ਮਈ
ਇਥੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਬਲਾਚੌਰ (ਸਿਆਣਾ) ਸਾਹਮਣੇ ਬਦਲੀਆਂ ਸਬੰਧੀ ਜਾਰੀ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਕਮੇਟੀ ਮੈਬਰ ਸਿਰੀ ਰਾਮ ਚੌਧਰੀ ਨੇ ਆਖਿਆ ਕਿ ਵਿਭਾਗ ਜਲਦੀ ਬਦਲੀਆਂ ਦੇ ਹੁਕਮ ਲਾਗੂ ਕਰੇ ਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਤੁਰੰਤ ਫੈਸਲਾ ਲੈਂਦਿਆਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂਆਂ ਬਲਜਿੰਦਰ ਸਿੰਘ, ਅਸ਼ਵਨੀ ਚੌਧਰੀ, ਨਾਗੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਜਲਦੀ ਪੇਅ ਕਮਿਸ਼ਨ ਲਾਗੂ ਕਰੇ ਤੇ ਬਕਾਇਆ ਡੀਏ ਜਾਰੀ ਕਰੇ। ਅਧਿਆਪਕਾਂ ਦੀਆਂ ਛੁੱਟੀਆਂ ਦੌਰਾਨ ਲਏ ਜਾ ਰਹੇ ਬੇਲੋੜੇ ਕੰਮ ’ਤੇ ਰੋਕ ਲਗਾਈ ਜਾਵੇ। ਜੇਕਰ ਸਰਕਾਰ ਨੇ ਤੁਰੰਤ ਇਹ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਕਰਦਿਆ ਸੰਘਰਸ਼ ਹੋਰ ਤੇਜ਼ ਕਰੇਗੀ।