ਪੱਤਰ ਪ੍ਰੇਰਕ
ਫਗਵਾੜਾ, 14 ਦਸੰਬਰ
ਇੱਥੋਂ ਨੇੜਲੇ ਪਿੰਡ ਭੁੱਲਾਰਾਈ ਵਿਚ ਜ਼ਿਲ੍ਹਾ ਕਪੂਰਥਲਾ ਦੀ ਪੁਲੀਸ ਨੇ ਨਸ਼ਾ ਤਸਕਰੀ ਕਰਨ ਵਾਲੇ ਛੇ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 330 ਗ੍ਰਾਮ ਹੈਰੋਇਨ, 400 ਗ੍ਰਾਮ ਅਫ਼ੀਮ, 2 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ, ਇੱਕ ਪਿਸਤੌਲ, 10 ਰੌਂਦ, ਇੱਕ ਕੰਡਾ, ਦੋ ਗੱਡੀਆਂ, ਫੋਆਇਲ ਪੇਪਰ ਆਦਿ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਤੇ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਪਿੰਡ ਭੁੱਲਾਰਾਈ ਵਿਚ ਸੀਆਈਏ ਸਟਾਫ ਇੰਚਾਰਜ ਕਪੂਰਥਲਾ ਦੇ ਇੰਚਾਰਜ ਸੁਰਜੀਤ ਸਿੰਘ ਤੇ ਐੱਸਐੱਚਓ ਸਦਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਛਾਪਾ ਮਾਰਿਆ। ਉਨ੍ਹਾਂ ’ਚ ਲਖਵਿੰਦਰ ਸਿੰਘ ਲੱਖਾ ਵਾਸੀ ਭੁੱਲਾਰਾਈ, ਹਰਵਿੰਦਰ ਸਿੰਘ ਵਾਸੀ ਵਾਹਦਾ ਫਗਵਾੜਾ, ਸਰਬਜੀਤ ਸਿੰਘ ਵਾਸੀ ਮੀਰਾਪੁਰ ਜੱਟਾਂ, ਵਰਿੰਦਰ ਸਿੰਘ ਵਾਸੀ ਪੰਡੋਰੀ ਗੰਗਾ ਸਿੰਘ, ਅਮਨਪ੍ਰੀਤ ਸਿੰਘ ਵਾਸੀ ਅੱਤੋਵਾਲ ਹੁਸ਼ਿਆਰਪੁਰ, ਸਾਹਿਬ ਪਿੰਡ ਗੰਨਾ ਨੂੰ ਕਾਬੂ ਕੀਤਾ ਹੈ।
ਮੁਲਜ਼ਮ ਇਲਾਕੇ ਵਿਚ ਲੰਬੇ ਸਮੇਂ ਤੋਂ ਨਸ਼ਾ ਸਪਲਾਈ ਦਾ ਕੰਮ ਕਰਦੇ ਸਨ। ਐਸਪੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਲਖਵਿੰਦਰ ਸਿੰਘ ਲੱਖਾ ਤੋਂ ਨਸ਼ੇ ਦਾ ਸਾਮਾਨ ਲੈ ਕੇ ਅੱਗੇ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਪੁਲੀਸ ਰਿਮਾਂਡ ਲਿਆ ਜਾਵੇਗਾ।
ਇਸੇ ਦੌਰਾਨ ਸੀਆਈਏ ਸਟਾਫ ਕਪੂਰਥਲਾ ਤੇ ਸਦਰ ਪੁਲੀਸ ਵੱਲੋਂ ਪਿੰਡ ਭੁੱਲਾਰਾਈ ਵਿਚ ਇੱਕ ਕੋਠੀ ’ਚ ਛਾਪਾ ਮਾਰਿਆ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ। ਲੰਬੀ ਪੁਲੀਸ ਕਾਰਵਾਈ ਦੌਰਾਨ ਘਰ ਵਿਚ ਲੁਕਿਆ ਲਖਵਿੰਦਰ ਸਿੰਘ ਲੱਖਾ ਜਦੋਂ ਬਾਹਰ ਦੌੜਿਆ ਤਾਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।