ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਮਈ
ਕਮਿਸ਼ਨਰੇਟ ਪੁਲੀਸ ਨੇ ਬੰਦੂਕ ਦੀ ਨੋਕ ’ਤੇ ਦੋਆਬਾ ਚੌਕ ਤੋਂ ਕਾਰ ਖੋਹਣ ਦੀ ਵਾਰਦਾਤ ਨੂੰ 72 ਘੰਟਿਆਂ ਦੇ ਵਿੱਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਵੱਲੋਂ ਕਾਰ ਖੋਹਣ ਦੇ ਕੇਸ ਨੂੰ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬਵੇਅ ਨੇੜੇ ਦੋਆਬਾ ਚੌਕ ਤੋਂ 27-28 ਮਈ ਦੀ ਸ਼ਾਮ ਨੂੰ ਸਵਿੱਫ਼ਟ ਡਿਜ਼ਾਇਰ ਕਾਰ (ਨੰਬਰ ਪੀਬੀ 08 ਡੀਜੇ 4789) ਨੂੰ ਬੰਦੂਕ ਦੀ ਨੋਕ ’ਤੇ ਖੋਹ ਲਿਆ ਗਿਆ ਸੀ। ਇਸ ’ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਪੁਲੀਸ ਜਸਕਿਰਨ ਤੇਜਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਗੁਰਬਾਜ਼ ਸਿੰਘ ਦੀ ਅਗਵਾਈ ਵਿੱਚ ਪੁਲੀਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਤਲਾਹ ’ਤੇ ਛੇ ਮੁਲਜ਼ਮਾਂ ਕਰਨ, ਸੌਰਭ, ਰਾਜਪਾਲ, ਅਤੁਲ, ਮੋਹਿਤ ਸਿੱਕਾ ਅਤੇ ਅੰਕਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਖੋਹਣ ਤੋਂ ਬਾਅਦ ਮੁਲਜ਼ਮਾਂ ਵੱਲੋਂ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਗਈ ਪਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਉੱਥੇ ਹੀ ਛੱਡ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਕਾਰ ਖੋਹਣ ਦੀ ਪੜਤਾਲ ਕਰਦਿਆਂ ਪੁਲੀਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਫੜਿਆ ਗਿਆ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਸ ਵਿੱਚ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਖੋਹੀ ਹੋਈ ਕਾਰ ਦੇ ਨਾਲ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।