ਦਲੇਰ ਸਿੰਘ ਚੀਮਾ
ਭੁਲੱਥ, 6 ਜੁਲਾਈ
ਜ਼ਿਲ੍ਹੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਜਾਅਲੀ ਨੋਟਾਂ ਦੇ ਕਾਰੋਬਾਰ ਖਿਲਾਫ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2000 ਤੇ 500 ਰੁਪਏ ਦੇ ਜਾਅਲੀ ਨੋਟਾਂ ਦੇ ਨਾਲ ਨਕਲੀ ਕਰੰਸੀ ਵੰਡਣ ਵਾਲੇ ਤਿੰਨ ਵਾਹਨਾਂ ਤੋਂ ਇਲਾਵਾ ਕੱਚਾ ਮਾਲ ਬਰਾਮਦ ਕੀਤਾ ਹੈ, ਜੋ ਨਕਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਗਟ ਸਿੰਘ ਨਿਵਾਸੀ ਰਾਜੇਵਾਲ ਖੰਨਾ, ਹਰਪ੍ਰੀਤ ਕੌਰ ਉਰਫ ਪ੍ਰੀਤੀ ਵਾਸੀ ਮੁੱਲਾਂਪੁਰ (ਸਰਹਿੰਦ), ਚਰਨਜੀਤ ਸਿੰਘ ਉਰਫ ਚੰਨਾ ਅਤੇ ਮਹਿੰਦਰ ਕੁਮਾਰ ਦੋਵੇਂ ਵਾਸੀ ਭੰਡਾਲ ਬੇਟ, ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਨਿਵਾਸੀ ਖੰਨਾ ਸਿਟੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਏਐੱਸਪੀ ਭੁਲੱਥ ਅਜੇ ਗਾਂਧੀ ਦੀ ਅਗਵਾਈ ਹੇਠ ਥਾਣਾ ਮੁਖੀ ਸੁਭਾਨਪੁਰ ਦੀ ਟੀਮ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਇਲਾਕੇ ਵਿੱਚ ਇਕ ਗਰੋਹ ਜਾਅਲੀ ਕਰੰਸੀ ਵੰਡ ਰਿਹਾ ਹੈ। ਪੁਲੀਸ ਵੱਲੋਂ ਮੁਸਤੈਦੀ ਵਰਤਦੇ ਹੋਏ ਛੇ ਲੋਕਾਂ ਨੂੰ ਵੱਖ-ਵੱਖ ਤਿੰਨ ਵਾਹਨਾਂ ਵਿਚ ਦਿਆਲਪੁਰ ਫਲਾਈਓਵਰ, ਸੁਭਾਨਪੁਰ-ਨਡਾਲਾ ਰੋਡ ਅਤੇ ਨਡਾਲਾ ਚੌਕ ਤੋਂ ਜਾਅਲੀ ਕਰੰਸੀ, ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਂਦਾ ਪੇਪਰ, ਸਿਆਹੀ ਤੇ ਹੋਰ ਕੈਮੀਕਲ ਬਰਾਮਦ ਕੀਤਾ।