ਸੁਰਜੀਤ ਮਜਾਰੀ
ਬੰਗਾ, 26 ਦਸੰਬਰ
ਇੱਥੇ ਹੋਏ ਸੂਬਾ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਪਿੰਡ ਝੰਡੇਰਾਂ ਦੀਆਂ ਦੌੜਾਕ ਭੈਣਾਂ ਨੇ ਇੱਕ ਵਾਰ ਫਿਰ ਸੋਨ ਤਗਮੇ ਜਿੱਤੇ। ਇਨ੍ਹਾਂ ’ਚ ਇੰਦਰਜੋਤ ਕੌਰ ਨੇ 18 ਸਾਲ ਉਮਰ ਵਰਗ ’ਚ 1600 ਤੇ 800 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਉਸ ਦੀ ਭੈਣ ਬ੍ਰਹਮਜੋਤ ਕੌਰ ਔਰਤਾਂ ਦੇ 22 ਸਾਲ ਉਮਰ ਵਰਗ ਮੁਕਾਬਲੇ ਦੀ 1600 ਮੀਟਰ ਦੌੜ ਵਿੱਚ ਅੱਵਲ ਰਹੀ। ਲੜਕੀਆਂ ਦੇ ਵਰਗ ’ਚ 14 ਸਾਲ ਉਮਰ ਵਰਗ ’ਚ 800 ਮੀਟਰ ਦੀ ਦੌੜ ਤਰਨਤਾਰਨ ਦੀ ਰਾਜਵਿੰਦਰ ਕੌਰ ਨੇ ਜਿੱਤੀ। ਲੜਕਿਆਂ ਦੀ 16 ਸਾਲ ਉਮਰ ਵਰਗ ਦੀ 800 ਮੀਟਰ ਦੌੜ ਕਰਨ ਕੁਮਾਰ ਨੇ ਜਿੱਤੀ ਅਤੇ 14 ਸਾਲ ਉਮਰ ਵਰਗ ’ਚ ਇਹ ਦੌੜ ਹਰਸ਼ਾਲ ਬਲਾਚੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਵੇਂ 22 ਸਾਲ ਉਮਰ ਵਰਗ ਦੀ 1600 ਮੀਟਰ ਦੌੜ ਲੁਧਿਆਣਾ ਦੇ ਬਲਜੀਤ ਸਿੰਘ ਦੇ ਨਾਂ ਰਹੀ। ਜੇਤੂਆਂ ਨੂੰ ਗੋਲਡ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਤਕਸੀਮ ਕਰਨ ਦੀ ਰਸਮ ਉਪ ਪੁਲੀਸ ਕਪਤਾਨ ਗੁਰਪ੍ਰੀਤ ਸਿੰਘ ਸਿੱਧੂ, ਸਮਾਜ ਸੇਵੀ ਮਨਧੀਰ ਸਿੰਘ ਚੱਠਾ, ਬਾਬਾ ਰਾਜਿੰਦਰ ਸਿੰਘ ਨੇ ਸਾਂਝ ਤੌਰ ’ਤੇ ਨਿਭਾਈ। ਇਹ ਮੁਕਾਬਲੇ ਅਥਲੈਟਿਕਸ ਕੋਚ ਸਤਬੀਰ ਸਿੰਘ ਬੈਂਸ ਦੀ ਅਗਵਾਈ ’ਚ ਕਰਵਾਏ ਗਏ।