ਲਾਜਵੰਤ ਸਿੰਘ
ਨਵਾਂਸ਼ਹਿਰ, 3 ਜੂਨ
ਸੱਲ ਕਲਾਂ ਕਤਲ ਕੇਸ ਨੂੰ ਇੱਕ ਹਫ਼ਤੇ ਵਿੱਚ ਸੁਲਝਾਉਂਦਿਆਂ ਐੱਸ.ਬੀ.ਐੱਸ. ਨਗਰ ਪੁਲੀਸ ਨੇ ਵੀਰਵਾਰ ਨੂੰ ਕਤਲ ਕੀਤੇ ਵਿਅਕਤੀ ਦੀ ਭੈਣ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 45 ਹਜ਼ਾਰ ਰੁਪਏ ਦੀ ਫਿਰੌਤੀ ਦੀ ਰਕਮ ਬਰਾਮਦ ਕਰ ਲਈ ਹੈ।
ਐੱਸ.ਐੱਸ.ਪੀ. ਸੰਦੀਪ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਸੱਲ ਕਲਾਂ (ਬੰਗਾ) ਨੂੰ 25 ਮਈ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹੱਤਿਆ ਸਬੰਧੀ ਥਾਣਾ ਸਦਰ ਬੰਗਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਨਦੀਪ ਕੌਰ, ਜੋ ਕਤਲ ਕੀਤੇ ਗਏ ਅਮਰਜੀਤ ਸਿੰਘ ਦੀ ਭੈਣ ਹੈ, ਨੇ ਆਪਣੀ ਸਹੇਲੀ ਗੁਰਵਿੰਦਰ ਕੌਰ ਵਾਸੀ ਚਰਾਣ (ਐਸ.ਬੀ.ਐਸ. ਨਗਰ) ਨਾਲ ਮਿਲ ਕੇ ਅਮਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੁਰਵਿੰਦਰ ਕੌਰ ਨੇ ਅੱਗੇ ਲਖਬੀਰ ਕੁਮਾਰ ਵਾਸੀ ਮਹਿਮੂਦਪੁਰ ਗਦਰੀਆਂ ਨਾਲ ਸੰਪਰਕ ਕੀਤਾ। ਲਖਬੀਰ ਕੁਮਾਰ ਨੇ ਅਮਰਜੀਤ ਸਿੰਘ ਨੂੰ ਮਾਰਨ ਲਈ ਸਰਬਜੀਤ ਸਿੰਘ ਵਾਸੀ ਚਰਾਣ ਨਾਲ 75 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕੀਤਾ। ਇਸ ਤੋਂ ਬਾਅਦ 25 ਮਈ ਨੂੰ ਸਰਬਜੀਤ ਸਿੰਘ ਨੇ ਆਪਣੇ ਅਣਪਛਾਤੇ ਦੋਸਤ ਨਾਲ ਮਿਲ ਕੇ ਅਮਰਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਮਨਦੀਪ ਕੌਰ, ਗੁਰਵਿੰਦਰ ਕੌਰ ਅਤੇ ਲਖਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਫਿਰੌਤੀ ਦੇ 45 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ ਜਦਕਿ ਮੁਲਜ਼ਮ ਸਰਬਜੀਤ ਸਿੰਘ ਅਤੇ ਉਸ ਦੇ ਸਾਥੀ ਮੁਲਜ਼ਮ ਅਜੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਹਥਿਆਰਾਂ ਸਣੇ ਪੰਜ ਵਿਅਕਤੀ ਗ੍ਰਿਫ਼ਤਾਰ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਨੇ ਅਪਰਾਧਿਕ ਪ੍ਰਵਿਰਤੀ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ, ਬੇਸਬਾਲ ਦੇ ਬੈਟ ਅਤੇ ਹਥਿਆਰ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਇਹ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿੱਚ ਸਨ। ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਡੀ.ਐੱਸ.ਪੀ (ਦੇਹਾਤੀ) ਪ੍ਰੇਮ ਕੁਮਾਰ ਅਤੇ ਥਾਣਾ ਹਰਿਆਣਾ ਦੇ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਇਕ ਪਿਕਅਪ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਸਵਾਰਾਂ ਕੋਲੋਂ 7.65 ਐੱਮ.ਐੱਮ. ਦੇ ਪਿਸਤੌਲ, 22 ਰੌਂਦ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਅਤੇ ਅਜੇ ਕੁਮਾਰ ਵਾਸੀ ਹਰਿਆਣਾ, ਸੰਨੀ ਉਰਫ਼ ਬਸੀ ਵਾਸੀ ਬਜਵਾੜਾ, ਸੁਨੀਲ ਉਰਫ਼ ਸਾਹਿਲ ਵਾਸੀ ਸ਼ਕਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਗੌਰਵ ਵਾਸੀ ਹਮੀਰਪੁਰਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਜਸਵਿੰਦਰ ਸਿੰਘ, ਸੰਨੀ ਅਤੇ ਗੌਰਵ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਆਪਣੇ ਵਿਰੋਧੀ ਗਰੁੱਪ ਖਿਲਾਫ਼ ਕੋਈ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਸਨ। ਉਨ੍ਹਾਂ ਦੱਸਿਆ ਕਿ ਚਾਰ ਦਿਨ ਦਾ ਪੁਲੀਸ ਰਿਮਾਂਡ ਲੈ ਕੇ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁਟੇਰਾ ਗਰੋਹ ਦੇ ਚਾਰ ਮੈਂਬਰ ਅਸਲੇ ਸਮੇਤ ਗ੍ਰਿਫਤਾਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦਿਹਾਤੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਲੋਹੀਆਂ ਪੁਲੀਸ ਪਾਰਟੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਫੜੇ ਚਾਰ ਮੈਂਬਰਾਂ ਕੋਲੋਂ 32 ਬੋਰ ਦੇ ਦੋ ਪਿਸਤੌਲ, ਦੋ ਰੌਂਦ ਤੇ ਦਾਤਰ ਬਰਾਮਦ ਕੀਤਾ ਹੈ। ਸਬ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਲੋਹੀਆਂ ਇਲਾਕੇ ਵਿੱਚ ਜਦੋਂ 2 ਤੇ 3 ਜੂਨ ਦੀ ਦਰਮਿਆਨੀ ਰਾਤ ਨੂੰ ਚੈਕਿੰਗ ਕਰ ਰਹੀ ਸੀ ਤਾਂ ਰਵਿੰਦਰ ਸਿੰਘ ਉਰਫ ਰਵੀ ਅਤੇ ਪ੍ਰਦੀਪ ਸਿੰਘ ਦੋਵੇਂ ਵਾਸੀ ਮੰਡਾਲਾ, ਸੰਦੀਪ ਕੁਮਾਰ ਉਰਫ ਦਿੱਲੀ ਵਾਸੀ ਰਸੂਲਪੁਰ ਅਤੇ ਮੇਜਰ ਸਿੰਘ ਵਾਸੀ ਪੰਡੋਰੀ ਖਾਸ ਨੂੰ ਗ੍ਰਿਫਤਾਰ ਕੀਤਾ ਤੇ ਇਨ੍ਹਾਂ ਕੋਲੋਂ ਦੋ ਪਿਸਤੌਲ, ਦੋ ਜ਼ਿੰਦਾ ਰੌਂਦ ਤੇ ਦਾਤਰ ਬਰਾਮਦ ਕੀਤਾ ਹਨ। ਇਨ੍ਹਾਂ ਮੁਲਜ਼ਮਾਂ ਵਿਰੁੱਧ ਥਾਣਾ ਲੋਹੀਆਂ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।