ਜਸਬੀਰ ਸਿੰਘ ਚਾਨਾ
ਫਗਵਾੜਾ, 24 ਅਕਤੂਬਰ
ਇਥੋਂ ਦੇ ਮੁਹੱਲਾ ਪੀਪਾਰੰਗੀ ’ਚ ਦੂਸ਼ਿਤ ਪਾਣੀ ਕਾਰਨ ਫ਼ੈਲੇ ਰੋਗ ਦੀ ਸ਼ਿਕਾਰ ਇੱਕ ਹੋਰ ਔਰਤ ਦੀ ਅੱਜ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜ ਰਾਣੀ (40) ਪਤਨੀ ਨਿਰਮਲ ਕੁਮਾਰ ਵਾਸੀ ਪੀਪਾਰੰਗੀ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਕਤ ਮਹਿਲਾ ਕੁਝ ਦਿਨ ਪਹਿਲਾ ਉਲਟੀਆਂ, ਟੱਟੀਆਂ ਦਾ ਸ਼ਿਕਾਰ ਹੋਈ ਸੀ ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉੱਥੋਂ ਜੁਆਬ ਮਿਲਣ ਕਰਕੇ ਉਸ ਨੂੰ ਇੱਕ ਪ੍ਰਾਇਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ 5-6 ਦਿਨ ਚੱਲੇ ਇਲਾਜ ਮਗਰੋਂ ਮੌਤ ਹੋ ਗਈ। ਸਿਹਤ ਵਿਭਾਗ ਤੇ ਨਿੱਜੀ ਹਸਪਤਾਲ ਦੇ ਡਾਕਟਰਾ ਨੇ ਭਾਵੇਂ ਇਸ ਨੂੰ ਸੈਪਟੀਸੀਮੀਆ ਦੀ ਬਿਮਾਰੀ ਕਰਾਰ ਦਿੱਤੀ ਹੈ ਪਰ ਕੁੱਝ ਮਾਹਿਰ ਵਿਅਕਤੀਆਂ ਦਾ ਕਹਿਣਾ ਹੈ ਕਿ ਉਲਟੀਆਂ, ਟੱਟੀਆਂ ਦੀ ਬਿਮਾਰੀ ਤੋਂ ਬਾਅਦ ਹੀ ਇਹ ਬਿਮਾਰੀ ਹੁੰਦੀ ਹੈ।
ਦੂਸਰੇ ਪਾਸੇ ਅਕਾਲੀ-ਬਸਪਾ ਉਮੀਦਵਾਰ ਤੇ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੀ ਅੱਜ ਆਪਣੇ ਸਾਥੀਆਂ ਸਮੇਤ ਮ੍ਰਿਤਕ ਪਰਿਵਾਰ ਦੇ ਘਰ ਦਾ ਦੌਰਾ ਕੀਤਾ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਗੜ੍ਹੀ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ। ਮ੍ਰਿਤਕ ਮਹਿਲਾ ਜਿਸ ਦਾ ਇਲਾਜ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਖੇ ਹੋਇਆ ਪਰ ਉਸਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਮ੍ਰਿਤਕ ਦੇ ਇਲਾਜ ਦਾ ਖਰਚਾ ਵੀ ਇੱਕ ਸਮਾਜ ਸੇਵੀ ਇੰਦਰਜੀਤ ਸਿੰਘ ਬਸਰਾ ਨੇ ਕਰੀਬ 40 ਹਜ਼ਾਰ ਆਪਣੀ ਜੇਬ੍ਹ ’ਚੋਂ ਦਿੱਤੇ ਗਏ।