ਗੁਰਦੇਵ ਸਿੰਘ ਗਹੂੰਣ
ਬਲਾਚੌਰ, 24 ਮਈ
ਥਾਣਾ ਸਿਟੀ ਬਲਾਚੌਰ ਦੇ ਥਾਣਾ ਮੁਖੀ ਨਰੇਸ਼ ਕੁਮਾਰੀ ਦੀ ਬਦਲੀ ਹੋਣ ਦੇ ਦੂਜੇ ਦਿਨ ਹੀ ਬਲਾਚੌਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਕਰੋਨਾ ਗਾਈਡਲਾਈਨਜ਼ ਨੂੰ ਛਿੱਕੇ ’ਤੇ ਟੰਗਦਿਆਂ ਦੁਪਹਿਰ 2 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਮੋਹਲਤ ਮਿਲਣ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਅੱਜ 2 ਵਜੇ ਤੋਂ ਬਾਅਦ ਵੀ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਤੇ ਕਰੋਨਾ ਮਹਾਮਾਰੀ ਦੀ ਪ੍ਰਵਾਹ ਨਾ ਕਰਦਿਆਂ ਦੁਕਾਨਾਂ ਵਿੱਚ ਗਾਹਕਾਂ ਨੂੰ ਸਾਮਾਨ ਦੇਣਾ ਜਾਰੀ ਰੱਖਿਆ। ਮੈਡਮ ਨਰੇਸ਼ ਕੁਮਾਰੀ ਦੀ ਸਖਤੀ ਦੇ ਚੱਲਦਿਆਂ ਜਿਹੜੇ ਬਾਜ਼ਾਰਾਂ ਵਿੱਚ ਠੀਕ 2 ਵਜੇ ਪਰਿੰਦਾ ਵੀ ਨਹੀਂ ਸੀ ਫਰਕਦਾ, ਅੱਜ 2 ਵਜੇ ਤੋਂ ਬਾਅਦ ਵੀ ਸ਼ਹਿਰ ਦੇ ਸਾਰੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ ਤੇ ਦੁਕਾਨਾਂ ਤੇ ਬਾਜ਼ਾਰਾਂ ਵਿੱਚ ਗਾਹਕਾਂ ਦੀ ਪੂਰੀ ਚਹਿਲ-ਪਹਿਲ ਰਹੀ। ਇੰਝ ਲੱਗਦਾ ਸੀ ਜਿਵੇਂ ਦੁਕਾਨਦਾਰਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਕੋਈ ਡਰ ਹੋਵੇ ਅਤੇ ਨਾ ਹੀ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਕੋਈ ਡਰ-ਭੈਅ ਸੀ। ਫੋਨ ਕਰਨ ’ਤੇ ਪਤਾ ਲੱਗਾ ਕਿ ਨਵੇਂ ਆਏ ਸਿਟੀ ਥਾਣਾ ਬਲਾਚੌਰ ਦੇ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਜ਼ਿਲ੍ਹੇ ਦੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਸ਼ਟਾਚਾਰ ਵਜੋਂ ਮਿਲਣ ਗਏ ਹੋਏ ਸਨ, ਪ੍ਰੰਤੂ ਥਾਣੇ ’ਚ ਤਾਇਨਾਤ ਦੂਜੇ ਅਧਿਕਾਰੀ ਵੀ ਸ਼ਾਇਦ ਨਵੇਂ ਥਾਣਾ ਮੁਖੀ ਦੇ ਹੁਕਮਾਂ ਦੀ ਇੰਤਜ਼ਾਰ ਵਿੱਚ ਸਨ।