ਲਾਜਵੰਤ ਸਿੰਘ
ਨਵਾਂਸ਼ਹਿਰ, 11 ਸਤੰਬਰ
ਸੀਆਈਏ ਸਟਾਫ ਨਵਾਂਸ਼ਹਿਰ ਪੁਲੀਸ ਵੱਲੋਂ ਨਾਕੇ ਦੌਰਾਨ 7 ਮੁਲਜ਼ਮਾਂ ਨੂੰ 2 ਦੇਸੀ ਪਿਸਤੌਲ, 4 ਮੈਗਜ਼ੀਨ, 15 ਕਾਰਤੂਸਾਂ, ਸਕੂਟਰੀ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਬਾਈਪਾਸ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿੱਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਜਦੋਂ ਉਨ੍ਹਾਂ ਇਕ ਸਕੂਟਰੀ ਅਤੇ ਮੋਟਰਸਾਈਕਲ ਸਵਾਰ 7 ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਾਹਨ ਭਜਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲੀਸ ਪਾਰਟੀ ਵੱਲੋਂ ਸਕੂਟਰੀ ਸਵਾਰ ਤਿੰਨ ਨੌਜਵਾਨ ਅਤੇ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਆਪਣੀ ਪਛਾਣ ਰੋਹਿਤ ਕੁਮਾਰ ਉਰਫ ਸੰਮਾ ਵਾਸੀ ਕਿਸ਼ਨਪੁਰਾ, ਰੂਪੇਸ਼ ਕੁਮਾਰ ਬੱਸ ਸ਼ੇਰੇਵਾਲ ਥਾਣਾ ਬਹਾਵਵਾਲਾ ਜ਼ਿਲ੍ਹਾ ਫ਼ਾਜ਼ਿਲਕਾ, ਰਣਜੋਧ ਸਿੰਘ ਉਰਫ ਜੋਧਾ ਵਾਸੀ ਮੁਦਕੀ ਜ਼ਿਲ੍ਹਾ ਫ਼ਿਰੋਜ਼ਪੁਰ, ਓਮ ਬਹਾਦਰ ਉਰਫ਼ ਸਾਹਿਲ ਵਾਸੀ ਸਲੋਹ, ਹਰਜਿੰਦਰ ਸਿੰਘ ਉਰਫ ਨਿੰਦੀ ਵਾਸੀ ਗੇਂਦਰ ਜ਼ਲ੍ਹਿਾ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਮੁਦਕੀ ਜ਼ਿਲ੍ਹਾ ਫ਼ਿਰੋਜਪੁਰ ਅਤੇ ਸ਼ਸ਼ੀ ਕੁਮਾਰ ਵਾਸੀ ਪੱਲਾ ਮੇਘਾ ਫ਼ਿਰੋਜ਼ਪੁਰ ਦੱਸੀ ਹੈ। ਐੱਸਐੱਸਪੀ ਭਾਗੀਰਥ ਮੀਨਾ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਮੁਲਜ਼ਮ ਰੋਹਿਤ ਕੁਮਾਰ ਵਾਸੀ ਕਿਸ਼ਨਪੁਰਾ ਤੋਂ ਦੇਸੀ ਪਿਸਤੌਲ 30 ਬੋਰ ਸਮੇਤ ਮੈਗਜ਼ੀਨ 4 ਕਾਰਤੂਸ, ਮੁਲਜ਼ਮ ਰੁਪੇਸ਼ ਕੁਮਾਰ ਕੋਲੋਂ ਦੇਸੀ ਪਿਸਤੌਲ 30 ਬੋਰ ਸਮੇਤ ਮੈਗਜ਼ੀਨ 4 ਕਾਰਤੂਸ, ਮੁਲਜ਼ਮ ਰਾਜਿੰਦਰ ਸਿੰਘ ਤੋਂ ਇਕ ਮੈਗਜ਼ੀਨ 4 ਕਾਰਤੂਸ, ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪਾਸੋਂ ਇਕ ਮੈਗਜ਼ੀਨ ਸਮੇਤ 3 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਵਾਸੀ ਯੂਐੱਸਏ ਦੇ ਕਹਿਣ ’ਤੇ ਕੁਝ ਦਿਨ ਪਹਿਲਾਂ ਨਵਾਂਸ਼ਹਿਰ ਏਰੀਏ ਵਿੱਚ ਗੋਪੀ ਨਿੱਝਰ (ਸੁੱਖਾ ਕਾਹਲੋਂ ਕੇਸ ਦਾ ਗਵਾਹ) ਦਾ ਕਤਲ ਕਰ ਲਈ ਆਏ ਸਨ ਜੋ ਵਾਰਦਾਤ ਤੋਂ ਪਹਿਲਾਂ ਹੀ ਅਸਲੇ ਸਮੇਤ ਪੁਲੀਸ ਵੱਲੋਂ ਕਾਬੂ ਕਰ ਲਏ ਗਏ ਹਨ।
ਐੱਸਐੱਸਪੀ ਭਾਗੀਰਥ ਮੀਨਾ ਅਨੁਸਾਰ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਰਿਮਾਂਡ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।