ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਜਨਵਾਦੀ ਇਸਤਰੀ ਸਭਾ ਪੰਜਾਬ ਨੇ ‘ਫਾਸ਼ੀਵਾਦੀ ਦੌਰ ਵਿੱਚ ਇਸਤਰੀਆਂ ਦੀ ਦਿਸ਼ਾ ਅਤੇ ਦਸ਼ਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਦੇਸ਼ ਭਗਤ ਯਾਦਗਾਰ ਹਾਲ ਦੇ ਪਿੰਗਲੇ ਆਡੀਟੋਰੀਅਮ ਵਿੱਚ ਹੋਏ ਸੈਮੀਨਾਰ ਦੌਰਾਨ ਲਾਇਲਪੁਰ ਖਾਲਸਾ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਕੁੰਜੀਵਤ ਭਾਸ਼ਣ ਦਿੱਤਾ। ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ, ਡਾ. ਰਘਬੀਰ ਕੌਰ ਅਤੇ ਬਿਮਲਾ ਦੇਵੀ ਨੇ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਮੰਗਤ ਰਾਮ ਪਾਸਲਾ, ਉੱਘੇ ਬੁੱਧੀਜੀਵੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਅਤੇ ਮੈਡਮ ਅਰੁਣਾ ਗੌਤਮ ਵੀ ਮੰਚ ’ਤੇ ਸੁਸ਼ੋਭਿਤ ਸਨ।
ਪ੍ਰਿੰਸੀਪਲ ਡਾਕਟਰ ਨਵਜੋਤ ਕੌਰ ਨੇ ਆਪਣੇ ਭਾਸ਼ਣ ਦੌਰਾਨ ਭਾਰਤੀ ਸਮਾਜ ਵਿੱਚ ਇਸਤਰੀਆਂ ਨਾਲ ਹਰ ਖੇਤਰ ਵਿੱਚ ਕੀਤੇ ਜਾ ਰਹੇ ਅਮਾਨਵੀ ਵਿਤਕਰਿਆਂ ਅਤੇ ਦਿਲ ਕੰਬਾਊ ਜਿਸਮਾਨੀ ਅੱਤਿਆਚਾਰਾਂ ਤੇ ਮਾਨਸਿਕ ਉਤਪੀੜਨ ਬਾਰੇ ਤੱਥਾਂ ਸਹਿਤ ਰੌਸ਼ਨੀ ਪਾਈ। ਦੇਸ਼ ਭਰ ਵਿੱਚ ਇਸਤਰੀਆਂ ਨਾਲ ਸਮੂਹਿਕ ਜਬਰ-ਜਨਾਹ ਤੇ ਦਰਦਨਾਕ ਕਤਲਾਂ ਦੀਆਂ ਹੌਲਨਾਕ ਵਾਰਦਾਤਾਂ ਦੇ ਚਿੰਤਾਜਨਕ ਵਾਧੇ ਦੇ ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤਾਂ ਵਿੱਚ ਅਨੁਸੂਚਿਤ ਜਾਤੀ-ਜਨਜਾਤੀ ਨਾਲ ਸਬੰਧਤ ਮੁਟਿਆਰਾਂ ਤੇ ਮਾਸੂਮ ਬਾਲੜੀਆਂ ਨੂੰ ਉਚੇਚਾ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨਾਓ ਤੇ ਹਾਥਰਸ ਵਰਗੀਆਂ ਘਟਨਾਵਾਂ ਦੇ ਹਵਾਲੇ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ, ਵੱਖੋ-ਵੱਖ ਸੂਬਿਆਂ ਵਿਚਲੀਆਂ ਭਾਜਪਾਈ ਸਰਕਾਰਾਂ ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੀ ਯੋਗੀ ਹੁਕੂਮਤ ਅਤੇ ਸੰਘ-ਭਾਜਪਾ ਆਗੂਆਂ ਵੱਲੋਂ ਕਾਤਲਾਂ-ਬਲਾਤਕਾਰੀਆਂ ਦੀ ਨੰਗੀ ਚਿੱਟੀ ਇਮਦਾਦ ਕਰਨ ਨਾਲ ਸਮਾਜ ਲਈ ਘਾਤਕ ਇਹ ਘਿਰਣਾਯੋਗ ਵਰਤਾਰਾ ਖਤਰਨਾਕ ਤੇਜ਼ੀ ਫੜ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਗਠਤ ਹੋ ਕੇ ਦੇਸ਼ ਦੇ ਜਮਹੂਰੀ ਅੰਦੋਲਨ ਦਾ ਅਨਿੱਖੜਵਾਂ ਅੰਗ ਬਣ ਕੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਹੀ ਔਰਤ ਜਾਤੀ ਹਰ ਕਿਸਮ ਦੀ ਅਸਮਾਨਤਾ ਅਤੇ ਜੁਲਮਾਂ ਤੋਂ ਮੁਕਤੀ ਹਾਸਲ ਕਰ ਸਕਦੀ ਹੈ।
ਇਸ ਮੌਕੇ ਸਰਬਸੰਮਤੀ ਨਾਲ ਨਿਰਣਾ ਲਿਆ ਗਿਆ ਕਿ ‘ਪੰਜਾਬ ਬਚਾਓ ਸੰਯੁਕਤ ਮੋਰਚੇ’ ਵੱਲੋਂ ਆਉਣ ਵਾਲੀ 14 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ‘ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’ ਮਹਾ ਰੈਲੀ ਵਿੱਚ ਹਜ਼ਾਰਾਂ ਭੈਣਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਜਨ ਅੰਦੋਲਨ ਬਣ ਚੁੱਕੇ ਕਿਸਾਨ ਘੋਲ ਦੀ ਜਿੱਤ ਲਈ ਸਰਬ ਪੱਖੀ ਯੋਗਦਾਨ ਪਾਉਣ ਦਾ ਐਲਾਨ ਕਰਦਿਆਂ ਕਿਰਤੀ ਮਾਰੂ ਕਿਰਤ ਕੋਡ ਰੱਦ ਕਰਨ ਦੀ ਮੰਗ ਕੀਤੀ ਗਈ। ਇਸੇ ਦੌਰਾਨ ਹਰਿੰਦਰ ਕੌਰ ਬੁਟਾਹਰੀ, ਅਵਤਾਰ ਕੌਰ ਬੰਡਾਲਾ, ਪਰਮਜੀਤ ਕੌਰ ਗਰੇਵਾਲ, ਦਰਸ਼ਨਾ ਜੋਸ਼ੀ, ਸੁਨੀਤਾ ਨੂਰਪੁਰੀ, ਡਾਕਟਰ ਗਗਨਦੀਪ ਕੌਰ, ਨਰਿੰਦਰ ਕੌਰ ਪੱਟੀ, ਸੁਨੀਤਾ ਰਾਣੀ ਫਿਲੌਰ, ਕੰਚਨ ਅਤੇ ਪਾਰਵਤੀ ਨੇ ਵੀ ਆਪਣੇ ਵਿਚਾਰ ਰੱਖੇ। ਸੈਮੀਨਾਰ ਦੇ ਆਰੰਭ ਵਿੱਚ ਕਿਸਾਨ ਘੋਲ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਿੰਘੂ ਬਾਰਡਰ ’ਤੇ ਕੀਤੇ ਗਏ ਦਰਦਨਾਕ ਕਤਲ ਨਾਲ ਜੁੜੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਵੀ ਕੀਤੀ।