ਜਸਬੀਰ ਸਿੰਘ ਚਾਨਾ
.ਫਗਵਾੜਾ, 14 ਅਗਸਤ
ਇੱਥੋਂ ਦੇ ਸੀ.ਆਈ.ਏ. ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲੀਸ ਮੈਡਲ ਦੇ ਕੇ ਸਨਮਾਨਿਆ ਜਾਵੇਗਾ। ਸਿਕੰਦਰ ਸਿੰਘ ਪਿੰਡ ਮਿੱਠਾਪੁਰ ਜਲੰਧਰ ਨਾਲ ਸਬੰਧਿਤ ਹਨ। ਪੁਲੀਸ ਵਿਭਾਗ ’ਚ ਉਹ ਕਰਤਾਰਪੁਰ, ਨਕੋਦਰ, ਰਾਵਲਪਿੰਡੀ, ਸਤਨਾਮਪੁਰਾ, ਬਿਲਗਾ, ਸੀ.ਆਈ.ਏ ਸਟਾਫ਼ ਕਪੂਰਥਲਾ, ਸੀ.ਆਈ.ਏ ਸਟਾਫ਼ ਫਗਵਾੜਾ ’ਚ ਐੱਸ.ਐੱਚ.ਓ. ਦੇ ਅਹੁਦਿਆਂ ’ਤੇ ਰਹਿ ਕੇ ਚੰਗੀ ਕਾਰਗੁਜ਼ਾਰੀ ਦਿਖਾ ਚੁੱਕੇ ਹਨ।
ਇਸ ਦੌਰਾਨ ਉਨ੍ਹਾਂ 6 ਹੈਂਡ ਗ੍ਰਨੇਡ, 3 ਟਿਫ਼ਨ ਬੰਬ, ਆਰ.ਡੀ.ਐਕਸ, 17 ਪਿਸਤੌਲ ਤੇ 54 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਈ ਹੋਰ ਵੱਡੀਆਂ ਪ੍ਰਾਪਤੀਆਂ ਕੀਤੀਆਂ। ਆਈ.ਪੀ.ਐੱਸ ਓਮ ਹਰੀਸ਼ ਪ੍ਰਕਾਸ਼ ਦਿਆਮਾ ਦੀ ਸਿਫ਼ਾਰਿਸ਼ ’ਤੇ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਸਿਕੰਦਰ ਸਿੰਘ ਨੇ ਇਸ ਪ੍ਰਾਪਤੀ ਤੇ ਪ੍ਰਮਾਤਮਾ ਤੇ ਅਫ਼ਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਬਾਕੀ ਰਹਿੰਦੀ ਨੌਕਰੀ ਵੀ ਇਸੇ ਤਰ੍ਹਾਂ ਸਮਾਜ ਦੇ ਲੇਖੇ ਲਗਾਉਣਗੇ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ। ਉੱਧਰ ਸਿਕੰਦਰ ਸਿੰਘ ਦੇ ਰਾਸ਼ਟਰਪਤੀ ਮੈਡਮ ਲਈ ਚੁਣੇ ਜਾਣ ’ਤੇ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ’ਚ ਖੁਸ਼ੀ ਦਾ ਮਾਹੌਲ ਹੈ।