ਪਾਲ ਸਿੰਘ ਨੌਲੀ
ਜਲੰਧਰ, 21 ਅਗਸਤ
ਇਥੋਂ ਦੀ ਇਕ ਟਰੈਵਲ ਏਜੰਸੀ ਨੇ ਕੈਨੇਡਾ ਦਾ ਵੀਜ਼ਾ ਲਵਾਉਣ ਬਦਲੇ ਇਕ ਨੌਜਵਾਨ ਕੋਲੋਂ 20 ਲੱਖ ਰੁਪਏ ਲੈ ਲਏ। ਟਰੈਵਲ ਏਜੰਟ ਨੇ ਪੀੜਤ ਨੌਜਵਾਨ ਨੂੰ ਖੱਜਲ ਖੁਆਰ ਕਰਨ ਤੋਂ ਬਾਅਦ ਉਸ ਨੂੰ ਜਾਅਲੀ ਵੀਜ਼ਾ ਲੁਆ ਦਿੱਤਾ। ਜਦੋਂ ਇਸ ਦੀ ਪੋਲ ਖੁੱਲ੍ਹੀ ਤਾਂ ਨੌਜਵਾਨ ਨੂੰ ਅਜਿਹਾ ਸਦਮਾ ਲੱਗਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜੋ ਜਾਨਲੇਵਾ ਸਾਬਤ ਹੋਇਆ।
ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਗੇ ਆਏ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇਐੱਸ ਬੱਗਾ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਇਲਾਕੇ ਦੇ ਰਹਿਣ ਵਾਲੇ ਚਮਕੌਰ ਸਿੰਘ ਨੇ ਕੈਨੇਡਾ ਜਾਣ ਲਈ ਜਲੰਧਰ ਦੇ ਇੱਕ ਟਰੈਵਲ ਏਜੰਟ ਨੂੰ 20 ਲੱਖ ਰੁਪਏ ਦਿੱਤੇ ਸਨ। ਟਰੈਵਲ ਏਜੰਟ ਪਿਛਲੇ ਸਾਲ ਤਾਂ ਚਮਕੌਰ ਸਿੰਘ ਨੂੰ ਕਰੋਨਾ ਦੀ ਆੜ ਹੇਠ ਬਹਾਨੇ ਲਾ ਕੇ ਟਾਲਦਾ ਰਿਹਾ ਪਰ ਜਦੋਂ ਉਸ ਨੇ 20 ਲੱਖ ਰੁਪਏ ਵਾਪਸ ਮੰਗੇ ਤਾਂ ਉਸ ਦੇ ਹੱਥ ਕੈਨੇਡਾ ਦਾ ਜਾਅਲੀ ਵੀਜ਼ਾ ਫੜਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਮਕੌਰ ਸਿੰਘ ਨੂੰ ਕੈਨੇਡਾ ਭੇਜਣ ਲਈ ਜ਼ਮੀਨ ਗਹਿਣੇ ਰੱਖੀ ਸੀ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇਐੱਸ ਬੱਗਾ ਨੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪੁਲੀਸ ਕਮਿਸ਼ਨਰ ਨੂੰ ਟਰੈਵਲ ਏਜੰਟ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਬੱਸ ਅੱਡੇ ਦੇ ਆਲੇ ਦੁਆਲੇ ਸੈਂਕੜੇ ਇਮੀਗ੍ਰੇਸ਼ਨ ਦੀ ਸਲਾਹ ਦੇਣ ਵਾਲੇ ਦਫਤਰ ਖੁੱਲ੍ਹੇ ਹਨ ਜਿਹੜੇ ਕਿ ਕਥਿਤ ਠੱਗੀ ਦੇ ਅੱਡੇ ਹਨ। ਉਨ੍ਹਾਂ ਮੰਗ ਕੀਤੀ ਕਿ ਟਰੈਵਲ ਏਜੰਟ ਵਿਰੁੱਧ ਕਤਲ ਦਾ ਅਤੇ ਅਪਰਾਧਕ ਮਾਮਲਾ ਦਰਜ ਕੀਤਾ ਜਾਵੇ।