ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਸਤੰਬਰ
ਇਥੇ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਵਫ਼ਦ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਲਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਸਿਖਿਆ ਅਫ਼ਸਰ (ਡੀਈਓ) (ਅ) ਸੰਜੀਵ ਗੌਤਮ ਨੂੰ ਮਿਲਿਆ। ਵਫ਼ਦ ਨੇ ਅਧਿਕਾਰੀ ਨੂੰ ਦੱਸਿਆ ਕਿ ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਜਿਨ੍ਹਾਂ ਵਿੱਚ 197 ਅਧਿਆਪਕ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ, ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਰ ਕੇ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀਈਓ ਨੇ ਮੌਕੇ ’ਤੇ ਹੀ ਬੀਪੀਈਓਜ਼ ਨੂੰ ਹਦਾਇਤ ਕੀਤੀ ਕਿ ਤਨਖਾਹ ਦੇ ਬਿੱਲ ਜਲਦੀ ਤੋਂ ਜਲਦੀ ਤਿਆਰ ਕੀਤੇ ਜਾਣ। ਵਫ਼ਦ ਨੇ ਅਧਿਆਪਕਾਂ ਨੂੰ ਦੂਰ ਦੂਰਾਡੇ ਦੇ ਸਕੂਲਾਂ ’ਚ ਪੜ੍ਹਾਉਣ ਵਾਸਤੇ ਜਾਣ ਦਾ ਮਸਲਾ ਵੀ ਅਧਿਕਾਰੀ ਦੇ ਧਿਆਨ ਹੇਠ ਲਿਆਂਦਾ। ਬਾਅਦ ਵਿੱਚ ਯੂਨੀਅਨ ਦਾ ਵਫਦ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਵੀ ਮਿਲਿਆ, ਜਿਸ ’ਤੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਡੀਡੀਓਜ਼ ਵੱਲੋਂ ਬਿੱਲ ਮਿਲਣ ਉਪਰੰਤ ਬਿਨਾਂ ਦੇਰੀ ਪਾਸ ਕਰ ਦਿੱਤੇ ਜਾਣਗੇ। ਵਫ਼ਦ ਵਿੱਚ ਵਿਕਾਸ ਸ਼ਰਮਾ, ਹਰਦੀਪ ਸਿੰਘ, ਵਿਕਾਸ ਅਰੋੜਾ, ਪ੍ਰਭਜੋਤ ਕੌਰ, ਗੁਰਦਿਆਲ ਸਿੰਘ, ਕੁਲਬੀਰ ਸਿੰਘ, ਸੁਨੀਲ ਗਾਂਧੀ, ਅਮਨਦੀਪ, ਬਲਕਾਰ ਸਿੰਘ, ਬੱਬੂ ਸਿੰਘ, ਸਤਪਾਲ ਆਦਿ ਸ਼ਾਮਲ ਸਨ।