ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 3 ਜੁਲਾਈ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤਹਿਸੀਲ ਸ਼ਾਹਕੋਟ ਅੰਦਰ ਵਗਦੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਮੌਕੇ ਦਰਿਆ ਕੰਢੇ ਵਸਦੇ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੇ ਸੰਤ ਸੀਚੇਵਾਲ ਨੂੰ ਦਰਿਆ ਵਿਚ ਹੜ੍ਹ ਆਉਣ ਦੇ ਅਸਲੀ ਕਾਰਨ ਦੱਸਦਿਆਂ ਕਿਹਾ ਕਿ ਦਰਿਆ ਵਿਚੋਂ ਪਿਛਲੇ ਕਈ ਦਹਾਕਿਆਂ ਤੋਂ ਮਿੱਟੀ ਨਹੀਂ ਕੱਢੀ ਗਈ, ਜਿਸ ਕਾਰਨ ਬਹੁਤੀਆਂ ਥਾਵਾਂ ’ਤੇ ਦਰਿਆ ਉੱਚਾ ਹੋ ਚੁੱਕਾ ਹੈ। ਪਿੰਡ ਫਤੇਹਪੁਰ ਭੰਗਵਾ, ਬਾਊਪੁਰ ਅਤੇ ਮਾਓ ਸਾਹਿਬ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਕੋਲ ਦਰਿਆ ਘੁੰਮ ਕੇ ਵਗਦਾ ਹੈ, ਜਿਸ ਕਾਰਨ ਧੁੱਸੀ ਬੰਨ੍ਹ ਨੂੰ ਢਾਹ ਲੱਗਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਜਿਵੇਂ ਉਨ੍ਹਾਂ ਨੇ ਗਿੱਦੜਪਿੰਡੀ ਦੇ ਨੇੜਿਉਂ ਦਰਿਆ ਦਾ ਵਹਿਣ ਬਦਲ ਕੇ ਵਿਚਕਾਰ ਕੀਤਾ ਹੈ, ਉਸੇ ਤਰ੍ਹਾਂ ਹੀ ਉਨ੍ਹਾਂ ਦੇ ਪਿੰਡਾਂ ਦਾ ਵੀ ਕੀਤਾ ਜਾਵੇ ਤਾਂ ਕਿ ਦਰਿਆ ਉਨ੍ਹਾਂ ਦੀ ਜ਼ਮੀਨ ਨਾ ਨਿਗਲ ਜਾਵੇ। ਕਈ ਪਿੰਡਾਂ ਦੇ ਵਸਨੀਕਾਂ ਨੇ ਦਰਿਆ ਵਿਚ ਨੋਚਾਂ ਲਗਾਉਣ ਦੀ ਮੰਗ ਵੀ ਕੀਤੀ ਤਾਂ ਜੋ ਦਰਿਆ ਧੁੱਸੀ ਬੰਨ੍ਹ ਨੂੰ ਸਿੱਧੀ ਟੱਕਰ ਨਾਂ ਮਾਰ ਸਕੇ। ਸੰਤ ਸੀਚੇਵਾਲ ਵੱਲੋਂ ਅੱਜ ਜਾਣੀਆਂ ਚਾਹਲ, ਪਿੱਪਲੀ, ਮਿਆਣੀ, ਫਤੇਹਪੁਰ ਭੰਗਵਾ, ਬਾਊਪੁਰ, ਖਹਿਰਾ ਮਸਤਰਕਾ, ਮਾਓ ਸਾਹਿਬ ਅਤੇ ਫਿਲੌਰ ਦੇ ਕੁਝ ਇਲਾਕੇ ਦਾ ਦੌਰਾ ਕੀਤਾ ਸੀ।
ਧੁੱਸੀ ਬੰਨ੍ਹ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾ ਗਿੱਦੜਪਿੰਡੀ ਦਰਿਆ ਕਿਨਾਰੇ ਬਣੇ ਬੇਸ ਕੈਂਪ ’ਤੇ ਅਖੰਡ ਪਾਠ ਦਾ ਭੋਗ ਵੀ ਪਾਇਆ ਗਿਆ। ਸਮਾਗਮ ਵਿਚ ਹਾਜ਼ਰ ਹੜ੍ਹ ਪ੍ਰਭਾਵਿਤ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਾਲ 2019 ਵਿਚ ਆਏ ਹੜ੍ਹ ਨੇ ਇਸ ਇਲਾਕੇ ਵਿਚ ਭਾਰੀ ਤਬਾਹੀ ਮਚਾ ਕੇ 1200 ਕਰੋੜ ਦਾ ਨੁਕਸਾਨ ਕੀਤਾ ਸੀ। ਦਰਜਨ ਤੋਂ ਵੱਧ ਥਾਵਾਂ ਤੋਂ ਬੰਨ੍ਹ ਇਸ ਕਰਕੇ ਟੁੱਟ ਗਿਆ ਸੀ ਕਿਉਂ ਕਿ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਜੰਮੀ ਮਿੱਟੀ ਕਾਰਨ ਡਾਫ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2019 ਤੋਂ ਹੀ ਸੰਤ ਸੀਚੇਵਾਲ ਲਗਾਤਾਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਦਰਿਆ ਵਿਚੋ ਡਰੇਨ ਵਿਭਾਗ ਦੇ ਸਹਿਯੋਗ ਨਾਲ ਮਿੱਟੀ ਕੱਢਣ ਦੀ ਸੇਵਾ ਕਰਦੇ ਆ ਰਹੇ ਹਨ। ਹਾਜ਼ਰ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰਾਂ ਨੇ ਕਿਹਾ ਕਿ ਜਦੋ ਤੱਕ ਗਿੱਦੜਪਿੰਡੀ ਦੇ ਪੁਲ ਹੇਠੋਂ ਮਿੱਟੀ ਨਹੀਂ ਕਢਵਾਈ ਜਾਂਦੀ ਉਦੋਂ ਤੱਕ ਹੜ੍ਹ ਆਉਣ ਦਾ ਖਤਰਾ ਬਣਿਆ ਰਹਿਣਾ ਹੈ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਮੁਖਤਿਆਰ ਸਿੰਘ, ਦਇਆ ਸਿੰਘ ਅਤੇ ਜੋਗਾ ਸਿੰਘ ਤੋ ਇਲਾਵਾ ਅਨੇਕਾਂ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਬਰ ਹਾਜ਼ਰ ਸਨ। ਤਹਿਸੀਲ ਸ਼ਾਹਕੋਟ ਵਿਚ ਪੰਜ ਵਾਰੀ ਧੁੱਸੀ ਬੰਨ੍ਹ ਟੁੱਟਣ ਨਾਲ ਦਰਿਆ ਸਤਲੁਜ ਭਾਰੀ ਤਬਾਹੀ ਮਚਾ ਚੁੱਕਾ ਹੈ। 1988 ਵਿਚ ਆਏ ਹੜ੍ਹ ਦੌਰਾਨ ਸਤੁਲਜ ਦਰਿਆ ਵਿਚ 6 ਲੱਖ ਕਿਊਸਿਕ ਪਾਣੀ ਵਗਿਆ ਸੀ। ਸਾਲ 1993 ਅਤੇ 1995 ਦੌਰਾਨ ਵੀ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਸਤਲੁਜ ਦਰਿਆ ਵਿਚ 2 ਲੱਖ ਕਿਊਸਿਕ ਪਾਣੀ ਵਗਣ ਦੀ ਸਮਰਥਾ ਹੈ।