ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਫਰਵਰੀ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀਆਂ ਚੋਣਾਂ ਦੌਰਾਨ ਜਿਹੜਾ ਗਰੀਨ ਵਾਤਾਵਰਣ ਦਾ ਏਜੰਡਾ ਉਭਾਰਿਆ ਸੀ ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੌਂਪ ਦਿੱਤਾ। ਇਸ ਗਰੀਨ ਏਜੰਡੇ ਵਿੱਚ ਪੰਜਾਬ ’ਚ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਅਤੇ ਤੇਜ਼ੀ ਨਾਲ ਜੰਗਲਾਤ ਦਾ ਘੱਟ ਰਿਹਾ ਰਕਬਾ ਅਤੇ ਸੂਬੇ ਦੀ ਜ਼ਮੀਨ ਵਿਚ ਅੰਨ੍ਹੇਵਾਹ ਪਾਈਆਂ ਜਾ ਰਹੀਆਂ ਖਾਦਾਂ ਅਤੇ ਜ਼ਹਿਰਾਂ ਸਮੇਤ ਵਾਤਾਵਰਨ ਨਾਲ ਜੁੜੇ ਹੋਏ ਹੋਰ ਮੁੱਦੇ ਸ਼ਾਮਲ ਹਨ। ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਸਮਾਗਮ ਵਿਚ ਪੰਜਾਬ ਦਾ ਇਕ ਵਫਦ ਪ੍ਰਧਾਨ ਮੰਤਰੀ ਨੂੰ ਮਿਲਿਆ ਅਤੇ ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ 26 ਦਸੰਬਰ ਨੂੰ ‘ਬਾਲ ਵੀਰ ਦਿਵਸ’ ਦੇ ਰੂਪ ਵਿਚ ਮਨਾਏ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਏਜੰਡਾ ਸੌਂਪਦਿਆਂ ਕਿਹਾ ਸੀ ਕਿ ਵਾਤਾਵਰਣ ਪੱਖ ਤੋਂ ਪੰਜਾਬ ਦੇ ਹਾਲਾਤ ਬੜੇ ਗੰਭੀਰ ਬਣੇ ਹੋਏ ਹਨ ਤੇ ਖਾਸ ਕਰਕੇ ਧਰਤੀ ਹੇਠਲਾ ਪਾਣੀ ਬੜਾ ਡੂੰਘਾ ਹੋ ਚੱਲਿਆ ਹੈ, ਜਿਹੜਾ ਕਿ ਪੰਜਾਬ ਦੀ ਸਮੁੱਚੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਵੱਲੋਂ ਚੁੱਕੇ ਗਏ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨੇ ਜਿੱਥੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਉਥੇ ਨਾਲ ਹੀ ਉਨ੍ਹਾਂ ਨੇ ਇੱਛਾ ਜਤਾਈ ਕਿ ਉਹ ਸੁਲਤਾਨਪੁਰ ਲੋਧੀ ਆਉਣਾ ਚਾਹੁੰਦੇ ਹਨ ਤੇ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਨੇ ਚਾਹੁੰਦੇ ਹਨ।