ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਮਈ
ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ’ਤੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਬਸਤੀ ਪੀਰ ਦਾਦ ਅਤੇ ਲੈਦਰ ਕੰਪਲੈਕਸ ਵਿਚ ਸੱਤ ਜਾਇਦਾਦਾਂ ਸੀਲ ਕੀਤੀਆਂ ਹਨ, ਜਿਨ੍ਹਾਂ ਨੇ ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਸੀ। ਨਗਰ ਨਿਗਮ ਦੇ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਪੱਸ਼ਟ ਕਿਹਾ ਹੈ ਕਿ ਪ੍ਰਾਪਰਟੀ ਟੈਕਸ ਉਗਰਾਹੁਣ ਵਿੱਚ ਕਿਸੇ ਨੂੰ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਟੈਕਸ ਬਰਾਂਚ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ 42 ਕਰੋੜ ਰੁਪਏ ਪ੍ਰਾਪਰਟੀ ਟੈਕਸ ਉਗਰਾਹੁਣ ਦਾ ਟੀਚਾ ਰੱਖਿਆ ਗਿਆ ਹੈ।
ਨਗਰ ਨਿਗਮ ਵਿੱਚ 40 ਹਜ਼ਾਰ ਕਾਰੋਬਾਰੀ ਤੇ ਇੰਡਸਟਰੀਅਲ ਅਦਾਰੇ ਹਨ ਜਿਹੜੇ ਟੈਕਸ ਦੇ ਦਾਇਰੇ ਵਿੱਚ ਆਉਂਦੇ ਹਨ ਪਰ ਉਨ੍ਹਾਂ ਵਿਚੋਂ ਸਿਰਫ 28 ਹਜ਼ਾਰ ਅਦਾਰੇ ਹੀ ਟੈਕਸ ਦੇ ਰਹੇ ਹਨ। ਟੈਕਸ ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ਕਿ ਨੋਟਿਸ ਦੇਣ ਦੇ ਬਾਵਜੂਦ ਵੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਸਖਤੀ ਵਰਤੀ ਜਾ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾ ਰਹੀ।