ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਨਵੰਬਰ
ਸਾਇੰਸ ਸਿਟੀ ਵੱਲੋਂ ‘ਸੱਪਾਂ ਦੀ ਖੋਜ’ ਵਿਸ਼ੇ ’ਤੇ ਕਰਵਾਏ ਗਏ ਵੈਬਿਨਾਰ ਦੌਰਾਨ ਜੰਗਲੀ ਜੀਵ ਫੋਟੋਗ੍ਰਾਫਰ ਅਤੇ ਸੱਪਾਂ ਦੀ ਸਾਂਭ ਸੰਭਾਲ ’ਚ ਲੱਗੇ ਯਸ਼ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਬਹੁਤ ਸਾਰੇ ਲੋਕਾਂ ਦੀ ਮੌਤ ਸੱਪ ਦੇ ਡੰਗਣ ਕਾਰਨ ਹੁੰਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਮ ਜਨ ਸਧਾਰਨ ਨੂੰ ਇਹ ਦੱਸਿਆ ਜਾਵੇ ਕਿ ਸੱਪਾਂ ਤੋਂ ਕਿਵੇਂ ਬਚਾਅ ਕਰਨਾ ਹੈ ਭਾਵ ਕਿਹੜੀਆਂ -ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਵੈਬਿਨਾਰ ਵਿਚ 400 ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾ ਨੇ ਹਿੱਸਾ ਲਿਆ। ਯਸ਼ ਸਿੰਘ ਨੇ ਦੱਸਿਆ ਕਿ ਪੂਰੇ ਵਿਸ਼ਵ ਵਿਚ ਸੱਪਾਂ ਦੀਆਂ ਲਗਭਗ 3600 ਪ੍ਰਜਾਤੀਆਂ ਹਨ। ਭਾਰਤ ਵਿਚ ਲਗਭਗ 300 ਤੋਂ ਵੱਧ ਤਰ੍ਹਾਂ ਦੇ ਸੱਪਾਂ ਪਾਏ ਜਾਂਦੇ ਹਨ ਤੇ ਹੋਰ ਸੱਪਾਂ ਦੀਆਂ ਪ੍ਰਜਾਤੀਆਂ ਨੂੰ ਲੱਭਣ ਦਾ ਕੰਮ ਅਜੇ ਜਾਰੀ ਹੈ। ਦੇਖਿਆ ਗਿਆ ਹੈ ਕਿ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਜ਼ਿਆਦਾਤਰ ਉਦੋਂ ਹੁੰਦੀਆਂ ਹਨ ਜਦੋਂ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਸੱਪਾਂ ਨੂੰ ਇਕਾਂਤ ਵਿਚ ਛੱਡ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਉਹ ਸਾਡੇ ਲਈ ਖਤਰਨਾਕ ਨਹੀਂ ਹਨ। ਸੱਪ ਸਿਰਫ਼ ਆਪਣੇ ਬਚਾਅ ਲਈ ਹੀ ਡੰਗ ਮਾਰਦੇ ਹਨ।