ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 1 ਅਗਸਤ
ਬਲਾਚੌਰ ਤਹਿਸੀਲ ਦੇ ਪਿੰਡ ਸਹੂੰਗੜਾ ਵਿੱਚ ‘ਸਹੂੰਗੜਾ ਵੈੱਲਫੇਅਰ ਸੁਸਾਇਟੀ’ ਤੇ ਗ੍ਰਾਮ ਪੰਚਾਇਤ ਦੇ ਸਾਂਝੇ ਯਤਨਾਂ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਚਕਾਰ ਸਥਿਤ ਗੰਦੇ ਪਾਣੀ ਦੇ ਛੱਪੜ ਦੇ ਨਵੀਨੀਕਰਨ ਨੂੰ ਲੈ ਕੇ ਪਿੰਡ ਦੇ ਦੋ ਗਰੁੱਪਾਂ ’ਚ ਚੱਲ ਰਿਹਾ ਰੇੜਕਾ ਐੱਸਸੀ ਕਮਿਸ਼ਨ ਕੋਲ ਪਹੁੰਚਣ ’ਤੇ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਤੇ ਪ੍ਰਭਦਿਆਲ ਨੇ ਪਿੰਡ ਸਹੂੰਗੜਾ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ’ਚ ਦੌਰਾ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਰਾਜਬਲਵਿੰਦਰ ਸਿੰਘ ਨੇ ਕਮਿਸ਼ਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਕਿ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਇਸ ਛੱਪੜ ’ਚ ਲੰਬੇ ਸਮੇਂ ਤੋਂ ਪਈ ਗੰਦਗੀ ਨੂੰ ਬਾਹਰ ਕੱਢ ਕੇ ਇਸ ਦਾ ਸੁੰਦਰਕੀਰਨ ਕੀਤਾ ਜਾ ਰਿਹਾ ਹੈ, ਤਾਂ ਜੋ ਤੰਦਰੁਸਤ ਭਾਰਤ ਮੁਹਿੰਮ ਤਹਿਤ ਪਿੰਡ ਵਾਸੀਆਂ ਨੂੰ ਸਾਫ਼ ਤੇ ਸ਼ੁੱਧ ਹਵਾ ਤੇ ਨਰੋਈ ਸਿਹਤ ਪ੍ਰਦਾਨ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਛੱਪੜ ਦੇ ਨਵੀਨੀਕਰਨ ਲਈ ਨਿਯਮਾਂ ਨੂੰ ਮੱਦੇਨਜ਼ਰ ਰੱਖ ਕੇ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਛੱਪੜ ਨਾਲ ਲੱਗਦੇ ਘਰਾਂ ਦੇ ਪਾਣੀ ਨੂੰ ਛੱਪੜ ਵਿੱਚ ਹੀ ਰੱਖਿਆ ਜਾਵੇਗਾ, ਜਦੋਂਕਿ ਵਾਧੂ ਪਾਣੀ ਨੂੰ 2 ਏਕੜ ਜ਼ਮੀਨ ਖਰੀਦ ਕੇ ਪਾਈਪਾਂ ਰਾਹੀਂ ਉਸ ’ਚ ਪਾਇਆ ਜਾਵੇਗਾ ਤੇ ਛੱਪੜ ਦੇ ਚਾਰੇ ਪਾਸੇ ਪਿੰਡ ਵਾਸੀਆਂ ਦੇ ਸੈਰ ਕਰਨ ਲਈ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਨੇ ਪੰਚਾਇਤ ਦੀ ਗੱਲ ਸੁਣ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਕਿ ਜੇ ਪੰਚਾਇਤ ਨਿਯਮਾਂ ਅਨੁਸਾਰ ਸਹੀ ਕੰਮ ਕਰ ਰਹੀ ਹੈ ਤਾਂ ਪੰਚਾਇਤ ਦੇ ਕੰਮ ’ਚ ਅੜਿੱਕਾ ਬਣਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਪੰਚਾਇਤ ਨੂੰ ਸਹਿਯੋਗ ਦਿੱਤਾ ਜਾਵੇ।