ਸਰਬਜੀਤ ਗਿੱਲ
ਫਿਲੌਰ, 5 ਮਈ
ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਦੀ ਮੁੜ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ਠੰਢੀ ਪੈ ਗਈ ਜਾਪਦੀ ਹੈ। ਸਰਵਣ ਸਿੰਘ ਫਿਲੌਰ ਅਕਾਲੀ ਸਰਕਾਰ ’ਚ ਸੀਨੀਅਰ ਹੋਣ ਕਾਰਨ ਵਿਕਰਮ ਮਜੀਠੀਆਂ ਦੇ ਮੁਕਾਬਲੇ ਮੰਤਰੀ ਬਣਨੋ ਰਹਿ ਗਏ ਸਨ। ਫਿਰ ਉਨ੍ਹਾਂ ਦੇ ਪੁੱਤਰ ’ਤੇ ਅਜਿਹੇ ਦੋਸ਼ ਲੱਗੇ, ਜਿਹੋ ਜਿਹੇ ਮਜੀਠੀਆਂ ’ਤੇ ਵੀ ਲੱਗਦੇ ਰਹੇ ਪਰ ਸਰਵਣ ਸਿੰਘ ਫਿਲੌਰ ਅੱਜ ਕੱਲ੍ਹ ਮੰਝਧਾਰ ’ਚ ਫਸੇ ਨਜ਼ਰ ਆ ਰਹੇ ਹਨ। ਉਹ ਇੱਕ ਵਾਰ ਹਲਕਾ ਫਿਲੌਰ ਤੋਂ ਕਰਤਾਰਪੁਰ ਬਦਲਣ ’ਤੇ ਵੀ ਥੋੜੀ ਜਿਹੀ ਵੋਟ ਦਾ ਫਰਕ ਨਾਲ ਮੁੜ ਜਿੱਤ ਗਏ ਸਨ। ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੇ ਪੁੱਤਰ ਦਮਨਵੀਰ ਸਿੰਘ ਨੇ ਸੰਯੁਕਤ ਅਕਾਲੀ ਦਲ ਵਲੋਂ ਵੀ ਕਿਸਮਤ ਅਜਮਾਈ ਸੀ ਪਰ ਮਸਾਂ 4104 ਵੋਟਾਂ ਹੀ ਹਾਸਲ ਕਰ ਸਕੇ। ਇਸ ’ਚ ਭਾਜਪਾ ਦੀਆਂ ਵੋਟਾਂ ਵੀ ਸ਼ਾਮਲ ਸਨ। ਅਕਾਲੀ ਦਲ ਤੋਂ ਕਾਂਗਰਸ ’ਚ ਜਾਣ ਬਾਅਦ ਵੀ ਉਹ ਹਲਕਾ ਫਿਲੌਰ ਦੇ ਇੰਚਾਰਜ ਨਾ ਬਣ ਸਕੇ। ਫਿਰ ਉਨ੍ਹਾਂ ਸੰਯੁਕਤ ਅਕਾਲੀ ਦਲ ਵੱਲ ਰੁਖ ਕੀਤਾ। ਜਿਸ ਦੀ ਅਕਾਲੀ ਦਲ ’ਚ ਵਾਪਸੀ ਹੋਣ ਬਾਅਦ ਵੀ ਉਨ੍ਹਾਂ ਨੂੰ ਅਕਾਲੀ ਦਲ ’ਚ ‘ਮਾਨਤਾ’ ਨਹੀਂ ਮਿਲ ਸਕੀ। ਮਹਿੰਦਰ ਸਿੰਘ ਕੇਪੀ ਨੂੰ ਸ਼ਾਮਲ ਕਰਵਾਉਣ ਵੇਲੇ ਵੀ ਉਹ ਗੈਰ ਹਾਜ਼ਰ ਸਨ। ਪਤਾ ਲੱਗਾ ਕਿ ਉਨ੍ਹਾਂ ਨੂੰ ਸੁਨੇਹਾ ਹੀ ਇੱਕ ਘੰਟਾ ਪਹਿਲਾਂ ਦਿੱਤਾ ਗਿਆ ਸੀ। ਹੁਣ ਕਾਂਗਰਸ ਵਲੋਂ ਹਲਕਾ ਫਿਲੌਰ ਤੋਂ ਇੰਚਾਰਜ ਲਾਉਣ ਦੇ ਮਾਮਲੇ ’ਤੇ ਚਾਹੇ ਇਹ ਕਿਹਾ ਗਿਆ ਹੈ ਕਿ ਇਸ ਦਾ ਫ਼ੈਸਲਾ ਚਾਰ ਜੂਨ ਤੋਂ ਬਾਅਦ ਹੋਵੇਗਾ ਪਰ ਚੰਨੀ ਦੀ ਜਿੱਤ ਦੀ ਹਾਲਤ ’ਚ ਉਨ੍ਹਾਂ ਦੇ ਪੁੱਤਰ ਵਲੋਂ ਹਲਕੇ ਦੀ ਕਮਾਨ ਸੰਭਾਲਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਸਰਵਣ ਸਿੰਘ ਫਿਲੌਰ ਦੇ ਕਾਂਗਰਸ ’ਚ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਹਾਲੇ ਆਪਣੇ ਵਰਕਰਾਂ ਨਾਲ ਸਲਾਹ ਕਰ ਰਹੇ ਹਨ।