ਪੱਤਰ ਪ੍ਰੇਰਕ
ਤਲਵਾੜਾ, 1 ਅਪਰੈਲ
ਇੱਥੇ ਪੰਚਾਇਤ ਯੂਨੀਅਨ ਬਲਾਕ ਤਲਵਾੜਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਦੀ ਅਗਵਾਈ ਹੇਠ ਹੋਈ । ਮੀਟਿੰਗ ‘ਚ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪਿਛਲੀ ਸਰਕਾਰ ਦੁਆਰਾ ਦਿੱਤੀਆਂ ਗ੍ਰਾਂਟਾਂ ’ਤੇ ਲਗਾਈ ਰੋਕ ਦਾ ਹਾਜ਼ਰ ਸਰਪੰਚਾਂ ਪੰਚਾਂ ਨੇ ਵਿਰੋਧ ਕੀਤਾ। ਯੂਨੀਅਨ ਨੇ ਸਰਕਾਰ ਤੋਂ ਰੋਕ ਹਟਾਉਣ, ਬੀਡੀਪੀਓ ਦਫ਼ਤਰਾਂ ਤੇ ਫੀਲਡ ਕਰਮਚਾਰੀਆਂ ਦੀ ਘਾਟ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਨ ਦੀ ਮੰਗ ਕੀਤੀ। ਸਰਪੰਚ ਕੁਲਦੀ ਸਿੰਘ ਭੰਬੋਤਾੜ ਤੇ ਪਵਨ ਕੁਮਾਰ ਚਮੂਹੀ ਨੇ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਸਰਪੰਚਾਂ ਨੂੰ ਬਣਦਾ ਗੁਜ਼ਾਰੇ ਯੋਗ ਮਾਣ ਭੱਤਾ ਦੇਣ, ਪ੍ਰਤੀ ਪੰਚਾਇਤ ਇੱਕ ਪੰਚਾਇਤ ਸੈਕਟਰੀ ਤੇ ਸਹਾਇਕ ਦੀ ਨਿਯੁਕਤੀ ਕਰਨ ਆਦਿ ਦੀ ਮੰਗ ਕੀਤੀ। ਮਹਿਲਾ ਸਰਪੰਚ ਸੀਮਾ ਰਾਣੀ ਤੇ ਨਿਰਮਲਾ ਦੇਵੀ ਨੇ ਪੰਜਾਬ ਸਰਕਾਰ ਦੇ 26 ਜੂਨ ਨੂੰ ਗ੍ਰਾਮ ਸਭਾ ਅਜਲਾਸ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਇਹ ਅਜਲਾਸ ਪੰਚਾਇਤ ਸੈਕਟਰੀਆਂ ਤੇ ਹੋਰ ਵਿਭਾਗੀ ਕਰਮਚਾਰੀਆਂ ਤੋਂ ਵਗ਼ੈਰ ਕਿੰਵੇਂ ਸੰਭਵ ਹੋਣਗੇ ’ਤੇ ਵੀ ਸਵਾਲ ਉਠਾਏ। ਯੂਨੀਅਨ ਨੇ ਕੁੱਝ ਅਧਿਕਾਰੀਆਂ ਤੇ ਲੋਕਾਂ ਵੱਲੋਂ ਜਾਂਚ ਦਾ ਡਰ ਦਿਖਾ ਕੇ ਸਰਪੰਚਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦਾ ਸਖ਼ਤ ਨੋਟਿਸ ਲਿਆ। ਇਸ ਮੌਕੇ ਸਰਪੰਚ ਕੁਮਾਰੀ ਰੇਖਾ, ਪੰਚ ਸੁਮਿੱਤਰਾ ਤੇ ਸੰਜੀਵ ਕੁਮਾਰ, ਸਰਪੰਚ ਨੀਲਮ ਕੁਮਾਰੀ ਆਦਿ ਨੇ ਵੀ ਸੰਬੋਧਨ ਕੀਤਾ।